ਸ੍ਰੀਨਗਰ-ਜੰਮੂ-ਕਸ਼ਮੀਰ ਵਿੱਚ ਬਡਗਾਮ ਜ਼ਿਲ੍ਹੇ ਵਿੱਚ ਤਿੰਨ ਅੱਤਵਾਦੀ ਮਾਰੇ ਗਏ ਹਨ। ਇਹ ਅੱਤਵਾਦੀ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਮਾਰੇ ਗਏ। ਇਹ ਮੁਕਾਬਲਾ ਜ਼ਿਲ੍ਹੇ ਦੇ ਚਾਡੂਰਾ ਇਲਾਕੇ 'ਚ ਉਸ ਵੇਲੇ ਹੋਇਆ ਜਦੋਂ ਅੱਤਵਾਦੀਆਂ ਨੇ ਘਾਤ ਲਗਾ ਕੇ ਸੁਰੱਖਿਆ ਬਲਾਂ 'ਤੇ ਹਮਲਾ ਕਰ ਦਿੱਤਾ।
ਸੁਰੱਖਿਆ ਬਲਾਂ ਨੇ ਇਲਾਕੇ ਵਿਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਮਿਲਣ ਤੋਂ ਬਾਅਦ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਸੀ। ਇਸ ਦੌਰਾਨ ਅੱਤਵਾਦੀ ਇਕ ਘਰ 'ਚ ਲੁਕ ਗਏ ਅਤੇ ਦੋਵੇਂ ਪਾਸਿਓ ਗੋਲੀਬਾਰੀ ਸ਼ੁਰੂ ਹੋ ਗਈ।
ਪੁਲਿਸ ਦੇ ਡੀ. ਜੀ. ਪੀ (ਵਧੀਕ) ਮੁਨੀਰ ਅਹਿਮਦ ਖ਼ਾਨ ਨੇ ਦੱਸਿਆ ਕਿ ਫ਼ੌਜ ਦੇ ਰਾਸ਼ਟਰੀ ਰਾਈਫਲਜ਼, ਸੀ. ਆਰ. ਪੀ. ਐਫ਼ ਅਤੇ ਸੂਬਾ ਪੁਲਿਸ ਦੀ ਸਾਂਝੀ ਟੀਮ ਨੇ ਵਿਸ਼ੇਸ਼ ਕਾਰਵਾਈ ਕਰਦਿਆ ਸੂਚਨਾ ਮਿਲਣ ਦੇ ਬਾਅਦ ਅੱਤਵਾਦੀਆਂ ਨੂੰ ਘੇਰ ਲਿਆ ਅਤੇ ਮੁਕਾਬਲੇ ਦੌਰਾਨ ਤਿੰਨ ਅੱਤਵਾਦੀ ਮਾਰ ਮੁਕਾਏ।
ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦੀਆਂ ਲਾਸ਼ਾਂ ਮੁਕਾਬਲੇ ਵਾਲੀ ਥਾਂ 'ਤੇ ਪਈਆਂ ਹਨ। ਗੋਲੀਬਾਰੀ ਦਾ ਇਹ ਸਿਲਸਿਲਾ ਕਈ ਘੰਟੇ ਜਾਰੀ ਰਿਹਾ। ਅੱਤਵਾਦੀਆਂ ਨੇ ਕਈ ਵਾਰ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਉਹ ਸਖ਼ਤ ਸੁਰੱਖਿਆ ਘੇਰੇ ਅਤੇ ਲੋਕਾਂ ਦੇ ਭਾਰੀ ਵਿਰੋਧ ਦੇ ਚਲਦੇ ਸਫ਼ਲ ਨਹੀਂ ਹੋ ਸਕੇ।
ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਮੁਕਾਬਲੇ ਤੋਂ ਪਹਿਲਾਂ ਹੀ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ ਅਤੇ ਉਸ ਦੇ ਬਾਅਦ ਕਨੀਰਾ ਪਿੰਡ ਨੇੜੇ ਇਕ ਘਰ 'ਚ ਲੁਕੇ ਇਕ ਹੋਰ ਅੱਤਵਾਦੀ ਨੂੰ ਮਾਰ ਦਿੱਤਾ। ਮੁਕਾਬਲੇ ਦੌਰਾਨ ਭੜਕੇ ਪ੍ਰਦਰਸ਼ਨ 'ਚ 2 ਵਿਅਕਤੀ ਜ਼ਖ਼ਮੀ ਹੋ ਗਏ।