ਚੇਨਈ- ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਕੇਸ ਵਿੱਚ ਉਮਰ ਕੈਦ ਭੁਗਤ ਰਹੇ ਸ਼੍ਰੀਲੰਕਾ ਦੇ ਨਾਗਰਿਕ ਰਵੀਚੰਦਰਨ ਨੇ ਆਪਣੀ ਪੁਸਤਕ ਵਿੱਚ ਵੱਡਾ ਖੁਲਾਸਾ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਦੇ ਕਤਲ ਲਈ ਵਰਤਿਆ ਗਿਆ ‘ਬੈਲਟ ਬੰਬ’ ਭਾਰਤ ਵਿੱਚ ਹੀ ਬਣਾਇਆ ਗਿਆ ਸੀ।
ਆਪਣੇ ਵਕੀਲ ਲਜਾਪਤੀ ਰਾਜ ਅਤੇ ਟੀ. ਥੀਰੂਮੁਰੂਗਨ ਦੇ ਰਾਹੀਂ ਰਵੀਚੰਦਰਨ ਨੇ ‘ਸਿਵਰਾਸਨ ਟਾਪ ਸੀਕ੍ਰੇਟ’ ਨਾਂ ਦੀ ਪੁਸਤਕ ਲਿਖੀ ਹੈ, ਜਿਸ ਵਿੱਚ ਉਸ ਨੇ ਇਹ ਖੁਲਾਸਾ ਕੀਤਾ ਹੈ। ਸੀਨੀਅਰ ਪੱਤਰਕਾਰ ਪੀ. ਈਕਾਲਾਈਵਨ ਨੇ ਇਸ ਪੁਸਤਕ ਨੂੰ ਐਡਿਟ ਕੀਤਾ ਅਤੇ ਇਸ ਦੀ ਘੁੰਡ ਚੁਕਾਈ ਚੇਨਈ ਵਿੱਚ ਇਸ ਬੁੱਧਵਾਰ ਹੋਣੀ ਹੈ। ਰਾਜੀਵ ਗਾਂਧੀ ਕਤਲ ਕੇਸ ਵਿੱਚ ਰਵੀਚੰਦਰਨ ਨੂੰ ਦੋਸ਼ੀ ਨੰਬਰ 16 ਕਿਹਾ ਜਾਂਦਾ ਹੈ। ਉਸ ਨੇ ਕਤਲ ਦੇ ਦੋਸ਼ੀਆਂ ਨੂੰ ਤਕਨੀਕੀ ਮਦਦ ਦਿੱਤੀ ਸੀ।
ਰਵੀਚੰਦਰਨ ਨੇ ਕਿਤਾਬ ਵਿੱਚ ਖੁਲਾਸਾ ਕੀਤਾ ਹੈ ਕਿ ਤਾਮਿਲ ਨਾਡੂ ਦੇ ਸ਼੍ਰੀਪੇਰੰਬੁਦੂਰ ਵਿੱਚ 21 ਮਈ 1991 ਨੂੰ ਚੋਣ ਰੈਲੀ ਦੌਰਾਨ ਰਾਜੀਵ ਗਾਂਧੀ ਦੇ ਕਤਲ ਲਈ ਵਰਤੋਂ ਵਿੱਚ ਲਿਆਂਦਾ ਗਿਆ ‘ਬੈਲਟ ਬੰਬ’ ਭਾਰਤ ਵਿੱਚ ਬਣਾਇਆ ਗਿਆ ਸੀ ਤੇ ਸੈਂਟਰਲ ਇੰਟੈਲੀਜੈਂਸ ਏਜੰਸੀ ਦੇ ਕੰਟਰੋਲ ਵਾਲੇ ਬੈਂਕ ਦੇ ਰਾਹੀਂ ਕਤਲ ਦੇ ਦੋਸ਼ੀ ਸਿਵਰਾਸਨ ਅਤੇ ਤਾਂਤਰਿਕ ਚੰਦਰਾਸਵਾਮੀ ਨੂੰ ਬਹੁਤ ਵੱਡੀ ਰਕਮ ਭੇਜੀ ਗਈ ਸੀ।
ਰਵੀਚੰਦਰਨ ਦੇ ਦੱਸਣ ਅਨੁਸਾਰ ਬੈਲਟ ਬੰਬ ਬਣਾਉਣ ਵਾਸਤੇ ਆਰ ਡੀ ਐੱਕਸ ਸਮੇਤ ਚਾਰ ਵੱਖ-ਵੱਖ ਵਿਸਫੋਟਕ ਸਮੱਗਰੀ ਵਰਤੋਂ ਵਿੱਚ ਲਿਆਂਦੀ ਗਈ ਸੀ। ਰਾਜੀਵ ਗਾਂਧੀ ਕਤਲ ਕਾਂਡ ਨਾਲ ਜੁੜੀ ਇਹ ਚੌਥੀ ਕਿਤਾਬ ਹੈ। ਰਵੀਚੰਦਰਨ ਇੰਨੀਂ ਦਿਨੀਂ ਮਦੁਰੈ ਦੀ ਜੇਲ ਵਿੱਚ ਹੈ। ਉਸ ਦੀ ਮੌਤ ਦੀ ਸਜ਼ਾ ਨੂੰ ਸੁਪਰੀਮ ਕੋਰਟ ਨੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਸੀ।