ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮਾਰੀ ਗੋਲੀ
ਏਬੀਪੀ ਸਾਂਝਾ | 11 Dec 2018 04:18 PM (IST)
ਸ੍ਰੀਨਗਰ: ਦੱਖਣ ਕਸ਼ਮੀਰ ਦੇ ਜ਼ਿਲ੍ਹਾ ਸ਼ੋਪੀਆਂ ਵਿੱਚ ਅੱਤਵਾਦੀਆਂ ਨੇ ਘੱਟ ਗਿਣਤੀ ਤਬਕੇ ਦੀ ਸੁਰੱਖਿਆ ਕਰਨ ਵਾਲੇ ਤਿੰਨ ਪੁਲਿਸ ਜਵਾਨਾਂ ਨੂੰ ਕਥਿਤ ਤੌਰ ’ਤੇ ਗੋਲ਼ੀ ਮਾਰ ਦਿੱਤੀ। ਘਟਨਾ ਜੈਨਪੁਰਾ ਵਿੱਚ ਵਾਪਰੀ ਜਦੋਂ ਅੱਤਵਾਦੀ ਜਵਾਨਾਂ ਦੇ ਗਾਰਡ ਰੂਮ ਅੰਦਰ ਦਾਖ਼ਲ ਹੋ ਗਏ। ਇੱਥੇ ਚਾਰ ਪੁਲਿਸ ਮੁਲਾਜ਼ਮ ਮੌਜੂਦ ਸਨ। ਪੁਲਿਸ ਅਧਿਕਾਰੀਆਂ ਮੁਤਾਬਕ ਮ੍ਰਿਤਕ ਜਵਾਨਾਂ ਦੀ ਪਛਾਣ ਅਬਦੁਲ ਮਜ਼ੀਦ, ਮੰਜ਼ੂਰ ਅਹਿਮਦ ਤੇ ਮੁਹੰਮਦ ਅਮੀਨ ਵਜੋਂ ਹੋਈ ਹੈ। ਚੌਥਾ ਪੁਲਿਸ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀ ਪੁਲਿਸ ਜਵਾਨਾਂ ਦੇ ਹਥਿਆਰ ਵੀ ਆਪਣੇ ਨਾਲ ਲੈ ਗਏ। ਹਾਲਾਂਕਿ ਅੱਤਵਾਦੀਆਂ ਨੇ ਘੱਟ ਗਿਣਤੀ ਤਬਕੇ ਦੇ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਲੋਕ ਸੁਰੱਖਿਅਤ ਹਨ।