ਨਵੀਂ ਦਿੱਲੀ: ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ (ਆਈਆਰਡੀਏਆਈ) ਵੱਲੋਂ ਜੀਵਨ ਬੀਮਾ ਪਾਲਿਸੀ ਧਾਰਕਾਂ ਨੂੰ ਪ੍ਰੀਮੀਅਮ ਜਮ੍ਹਾਂ ਕਰਵਾਉਣ ਲਈ 30 ਦਿਨ ਦਾ ਵਾਧੂ ਸਮਾਂ ਦਿੱਤਾ ਗਿਆ ਹੈ। ਇਹ ਵਾਧੂ ਸਮਾਂ ਉਨ੍ਹਾਂ ਪਾਲਿਸੀ ਧਾਰਕਾਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਦੇ ਪ੍ਰੀਮੀਅਮ ਜਮ੍ਹਾਂ ਕਰਵਾਉਣ ਦੀ ਤਰੀਕ ਕਰੋਨਾਵਾਇਰਸ ਦੇ ਮੱਦੇਨਜ਼ਰ ਕੀਤੇ ਗਏ ਲੌਕਡਾਊਨ ਵਿਚਾਲੇ ਮਾਰਚ ਤੇ ਅਪਰੈਲ ’ਚ ਪੈ ਰਹੀ ਸੀ।

ਜ਼ਿਕਰਯੋਗ ਹੈ ਕਿ ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸੀ ਅਥਾਰਟੀ ਵੱਲੋਂ ਸਿਹਤ ਬੀਮਾ ਪਾਲਿਸੀਆਂ ਤੇ ਮੋਟਰ ਤੀਜੀ ਪਾਰਟੀ ਬੀਮਾ ਦੇ ਮਾਮਲਿਆਂ ਵਿੱਚ ਪ੍ਰੀਮੀਅਮ ਜਮ੍ਹਾਂ ਕਰਵਾਉਣ ਲਈ ਪਹਿਲਾਂ ਹੀ ਵਾਧੂ ਸਮਾਂ ਦਿੱਤਾ ਜਾ ਚੁੱਕਾ ਹੈ। ਜੀਵਨ ਬੀਮਾ ਧਾਰਕਾਂ ਤੇ ਜੀਵਨ ਬੀਮਾ ਕੌਂਸਲ ਵੱਲੋਂ ਭੇਜੀਆਂ ਗਈਆਂ ਅਰਜ਼ੀਆਂ ’ਤੇ ਕਾਰਵਾਈ ਕਰਦਿਆਂ ਆਈਆਰਡੀਏਆਈ ਨੇ ਪ੍ਰੀਮੀਅਮ ਜਮ੍ਹਾਂ ਕਰਵਾਉਣ ਲਈ 30 ਦਿਨ ਦਾ ਵਾਧੂ ਸਮਾਂ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

ਆਈਆਰਡੀਏਆਈ ਨੇ ਅੱਗੇ ਕਿਹਾ ਕਿ ਜੋ ਪਾਲਿਸੀਆਂ 31 ਮਈ, 2020 ਤੋਂ ਪਹਿਲਾਂ ਪੂਰੀ ਹੋ ਰਹੀਆਂ ਹਨ ਉੱਥੇ ਪਾਲਿਸ ਧਾਰਕਾਂ ਨੂੰ ਸਬੰਧਤ ਪਾਲਿਸੀ ਦੇ ਨਿਯਮਾਂ ਅਨੁਸਾਰ ਸੈਟਲਮੈਂਟ ਆਪਸ਼ਨ ਦਿੱਤਾ ਜਾ ਸਕਦਾ ਹੈ। ਇਹ ਆਪਸ਼ਨ ਇਸ ਗੱਲ ’ਤੇ ਨਿਰਭਰ ਹੋਵੇਗਾ ਕਿ ਉਸ ਸਬੰਧਤ ਉਤਪਾਦ ਵਿੱਚ ਇਸ ਦਾ ਪ੍ਰਾਵਧਾਨ ਹੈ ਜਾਂ ਨਹੀਂ।