ਨਵੀਂ ਦਿੱਲੀ : ਨੋਟ ਬੰਦੀ ਦੇ 11 ਦਿਨ ਬਾਅਦ ਅੱਜ ਸ਼ਨੀਵਾਰ ਨੂੰ 7 ਰਾਜਾਂ ਦੀਆਂ 10 ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚਾਰ ਸੀਟਾਂ ਲਈ ਵੋਟਾਂ ਪਈਆਂ। ਨੋਟ ਬੰਦੀ ਤੋਂ ਬਾਅਦ ਬੀਜੇਪੀ ਦੀ ਇਹ ਪਹਿਲੀ ਅਗਨੀ ਪ੍ਰੀਖਿਆ ਹੈ। ਅਸਮ, ਅਰੁਣਾਚਲ ਪ੍ਰਦੇਸ਼ ,ਤਾਮਿਲਨਾਡੂ, ਤ੍ਰਿਪੁਰਾ,ਪਾਂਡੀਚਰੀ, ਮੱਧ ਪ੍ਰਦੇਸ਼ ਵਿੱਚ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪਈਆਂ।
ਵੋਟਿੰਗ ਦੇ ਨਤੀਜੇ 22 ਨਵੰਬਰ ਨੂੰ ਆਉਣਗੇ। ਅਸਮ ਵਿੱਚ ਲਖੀਮਪੁਰ ਲੋਕ ਸਭਾ ਸੀਟ ਲਈ ਅਤੇ ਬੈਠਲਾਂਸੇ -20 ਵਿਧਾਨ ਸਭਾ ਸੀਟ ਉੱਤੇ ਅੱਠ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਇਸ ਤਰ੍ਹਾਂ ਪੱਛਮੀ ਬੰਗਾਲ ਦੀ ਕੁੱਚ ਬਿਹਾਰ ਅਤੇ ਤਾਮਲੁਕ ਲੋਕ ਸਭਾ ਸੀਟ ਉੱਤੇ ਵੋਟਿੰਗ ਹੋਈ। ਇੱਥੇ ਮੁੱਖ ਮੁਕਾਬਲਾ ਟੀਐਮਸੀ ਤੋਂ ਇਲਾਵਾ ਬੀਜੇਪੀ ਅਤੇ ਖੱਬੀਆਂ ਧਿਰਾਂ ਵਿਚਾਲੇ ਹੈ।
ਮੱਧ ਪ੍ਰਦੇਸ਼ ਦੀ ਸ਼ਾਹਡੋਲ ਲੋਕ ਸਭਾ ਸੀਟ ਅਤੇ ਨੇਪਾਨਗਰ ਵਿਧਾਨ ਸਭਾ ਹਲਕੇ ਵਿੱਚ ਵੋਟਿੰਗ ਹੋਈ। ਤਾਮਿਲਨਾਡੂ ਵਿੱਚ ਵਿਧਾਨ ਸਭਾ ਦੀਆਂ ਚਾਰ ਸੀਟਾਂ ਲਈ ਵੋਟਿੰਗ ਦਾ ਕੰਮ ਸ਼ਾਂਤੀ ਮਈ ਤਰੀਕੇ ਨਾਲ ਨੇਪਰੇ ਚੜ੍ਹ ਗਿਆ। ਤ੍ਰਿਪੁਰਾ ਦੀ ਬਰਜਾਲਾ ਅਤੇ ਖੋਵਾਈ ਵਿਧਾਨ ਸਭਾ ਉੱਤੇ ਵੀ ਨੋਟ ਬੰਦੀ ਤੋਂ ਬਾਅਦ ਵੋਟਿੰਗ ਹੋਈ। ਹਿੰਸਾ ਨੂੰ ਦੇਖਦੇ ਹੋਏ ਇੱਥੇ ਬੀਐਸਐਫ ਅਤੇ ਤ੍ਰਿਪੁਰਾ ਪੁਲਿਸ ਪੋਲਿੰਗ ਸਟੇਸ਼ਨਾਂ ਉੱਤੇ ਤੈਨਾਤ ਸੀ।