ਸ਼੍ਰੀਨਗਰ: ਜੰਮੂ ਤੇ ਕਸ਼ਮੀਰ 'ਚੋਂ ਧਾਰਾ 370 ਨੂੰ ਬੇਅਸਰ ਕਰਨ ਦੇ ਵਿਰੋਧ ਵਿੱਚ ਰੋਸ ਪ੍ਰਗਟ ਕਰ ਰਹੇ 300 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਾਰਗਿਲ ਵਿੱਚ ਜੁਆਇੰਟ ਐਕਸ਼ਨ ਫੋਰਮ ਦੇ ਬੈਨਰ ਹੇਠ ਮੁਜ਼ਾਹਰਾ ਕਰ ਰਹੇ ਤਕਰੀਬਨ 300 ਲੋਕਾਂ ਨੂੰ ਦਫਾ 144 ਤੋੜਨ ਦੇ ਦੋਸ਼ ਵਿੱਚ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਦੌਰਾਨ ਮੁਜ਼ਾਹਰਾਕਾਰੀਆਂ ਅਤੇ ਪੁਲਿਸ ਵਿਚਕਾਰ ਮਮੂਲੀ ਝੜਪ ਵੀ ਹੋਈ।

ਉੱਧਰ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਸੁਰੱਖਿਆ ਬਲਾਂ ਨੂੰ ਹੁਕਮ ਦਿੱਤੇ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸੂਬੇ ਵਿੱਚ ਧਾਰਾ 370 ਹਟਾਉਣ ਬਾਅਦ ਮੌਜੂਦਾ ਹਾਲਾਤ ਦੇ ਟਾਕਰੇ ਲਈ ਲਾਈਆਂ ਸਖ਼ਤ ਪਾਬੰਦੀਆਂ ਦੇ ਚੱਲਦੇ ਜੰਮੂ ਕਸ਼ਮੀਰ ਵਿੱਚ ਆਮ ਆਦਮੀ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ। ਸਰਕਾਰੀ ਅਧਿਕਾਰੀਆਂ ਅਧਿਕਾਰੀਆਂ ਮੁਤਾਬਕ ਡੋਵਾਲ ਨੇ ਬੁੱਧਵਾਰ ਨੂੰ ਦਿੱਲੀ ਮੁੜਨ ਤੋਂ ਪਹਿਲਾਂ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਆਮ ਲੋਕਾਂ ਨੂੰ ਮੁਸ਼ਕਲਾਂ ਨਹੀਂ ਆਉਣੀਆਂ ਚਾਹੀਦੀਆਂ।

ਇਸ ਦੌਰਾਨ ਬੀਤੇ ਕੱਲ੍ਹ ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੂੰ ਸ੍ਰੀਨਗਰ ਹਵਾਈ ਅੱਡੇ ਤੋਂ ਦਿੱਲੀ ਵਾਪਸ ਭੇਜ ਦਿੱਤਾ ਗਿਆ ਹੈ। ਆਜ਼ਾਦ ਕਸ਼ਮੀਰ ਦੇ ਵਸਨੀਕ ਹਨ ਪਰ ਉਨ੍ਹਾਂ ਨੂੰ ਹਾਲਾਤ ਦਾ ਜਾਇਜ਼ਾ ਲੈਣ ਨਹੀਂ ਜਾਣ ਦਿੱਤਾ ਗਿਆ। ਉੱਧਰ, ਜੰਮੂ-ਕਸ਼ਮੀਰ ਦੇ ਰਾਜਪਾਲ ਨੇ ਤਿੰਨ ਦਿਨ ਬਾਅਦ ਆਉਣ ਵਾਲੇ ਬਕਰਈਦ ਦੇ ਤਿਓਹਾਰ ਲਈ ਵੀ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਵੀ ਕੀਤੀ।