ਅੰਮ੍ਰਿਤਸਰ: ਇਰਾਕ ਦੇ ਮੋਸੂਲ ‘ਚ ਅੱਤਵਾਦੀ ਜਥੇਬੰਦੀ ਆਈ.ਐਸ. ਵੱਲੋਂ ਮਾਰੇ ਗਏ 39 ਭਾਰਤੀਆਂ ਵਿੱਚੋਂ 38 ਦੀਆਂ ਅਸਥੀਆਂ ਭਾਰਤ ਪਹੁੰਚ ਗਈਆਂ ਹਨ। ਭਾਰਤੀਆਂ ਦੀਆਂ ਅਸਥੀਆਂ ਲੈਣ ਲਈ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਕੱਲ੍ਹ ਇਰਾਕ ਲਈ ਰਵਾਨਾ ਹੋਏ ਸੀ। ਅੱਜ ਉਹ ਵਿਸ਼ੇਸ਼ ਜਹਾਜ਼ ਰਾਹੀਂ ਮ੍ਰਿਤਕਾਂ ਦੇ ਫੁੱਲ ਲੈ ਕੇ ਵਾਪਸ ਆ ਗਏ ਹਨ।
ਵਿਸ਼ੇਸ਼ ਜਹਾਜ਼ ਦਾ ਪੜਾਅ ਅੰਮ੍ਰਿਤਸਰ ਰੱਖਿਆ ਗਿਆ ਹੈ, ਕਿਉਂਕਿ 39 ਭਾਰਤੀਆਂ ਵਿੱਚ 27 ਪੰਜਾਬੀ ਸਨ। ਇਸ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਦਾ ਇਹ ਜਹਾਜ਼ ਪਟਨਾ ਤੇ ਕੋਲਕਾਤਾ ਜਾਵੇਗਾ। ਇੱਕ ਭਾਰਤੀ ਦਾ ਡੀ.ਐਨ.ਏ. ਦਾ ਸਹੀ ਤਰੀਕੇ ਨਾਲ ਮਿਲਾਨ ਨਹੀਂ ਸੀ ਹੋਇਆ, ਇਸ ਲਈ ਵੀ.ਕੇ. ਸਿੰਘ 38 ਵਿਅਕਤੀਆਂ ਦੀਆਂ ਅਸਥੀਆਂ ਲੈ ਕੇ ਭਾਰਤ ਪੁੱਜੇ ਹਨ।
ਵੀ.ਕੇ. ਸਿੰਘ ਨੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਈ.ਐਸ. ਵੱਲੋਂ ਕਤਲ ਕੀਤੇ ਭਾਰਤੀਆਂ ਦਾ ਡੀ.ਐਨ.ਏ. ਮਿਲਾਉਣ ਦਾ ਕੰਮ ਬਹੁਤ ਮੁਸ਼ਕਲ ਨਾਲ ਨੇਪਰੇ ਚੜ੍ਹਿਆ। ਇਹ ਕੰਮ ਸਮਾਜਸੇਵੀ ਸੰਸਥਾ ਮਾਰਟੀਅਰ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਹੈ। ਇਸ ਸੰਸਥਾ ਦੇ ਪ੍ਰਮਾਣ ਪੱਤਰ ਸਮੇਤ ਮ੍ਰਿਤਕਾਂ ਦੀਆਂ ਅਸਥੀਆਂ ਹੁਣ ਭਾਰਤ ਲਿਆਂਦੀਆਂ ਗਈਆਂ ਹਨ। ਪਿਛਲੇ ਦਿਨੀਂ ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਨੇ ਇਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਸੀ, ਜਿਨ੍ਹਾਂ ਨੂੰ ਉਹ 2014 ਤੋਂ ਲਾਪਤਾ ਦੱਸਦੇ ਆ ਰਹੇ ਸਨ।