ਚੁਰਾਸੀ ਕਤਲੇਆਮ ਬਾਰੇ SIT ਦੇ ਮੈਂਬਰਾਂ ਦਾ ਰੇੜਕਾ ਭਲਕੇ ਹੋਵੇਗਾ ਹੱਲ
ਏਬੀਪੀ ਸਾਂਝਾ | 03 Dec 2018 03:36 PM (IST)
ਸੰਕੇਤਕ ਤਸਵੀਰ
ਨਵੀਂ ਦਿੱਲੀ: 1984 ਸਿੱਖ ਕਤਲੇਆਮ ਕੇਸਾਂ ਦੀ ਪੜਤਾਲ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵਿੱਚ ਤੀਜੇ ਮੈਂਬਰ ਦੀ ਨਿਯੁਕਤੀ ਲਈ ਦਿੱਲੀ ਹਾਈਕੋਰਟ ਭਲਕੇ ਫੈਸਲਾ ਦੇ ਸਕਦੀ ਹੈ। 10 ਮਹੀਨੇ ਪਹਿਲਾਂ ਗਠਨ ਕੀਤੀ ਐਸਆਈਟੀ ਵਿੱਚ ਫਿਲਹਾਲ ਦੋ ਮੈਂਬਰ ਕੰਮ ਕਰ ਰਹੇ ਹਨ। ਤੀਜੇ ਦੀ ਨਿਯੁਕਤੀ ਲਈ ਕੇਂਦਰ ਨੇ ਸਿਰਫ਼ ਇੱਕੋ ਨਾਂ ਸੁਝਾਇਆ ਗਿਆ ਸੀ, ਜਿਸ 'ਤੇ ਅਦਾਲਤ ਨੇ ਸਵਾਲ ਚੁੱਕੇ। ਅਦਾਲਤ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਕਿ ਤਿੰਨ ਮੈਂਬਰੀ ਐਸਆਈਟੀ ਬਣਾਉਣ ਦਾ ਫੈਸਲਾ ਤਿੰਨ ਜੱਜਾਂ ਦੀ ਬੈਂਚ ਦਾ ਸੀ। ਹੁਣ ਤੀਜੇ ਮੈਂਬਰ ਦੀ ਨਿਯੁਕਤੀ ਲਈ ਇੱਕ ਨਾਂ ਕਿਉਂ ਦਿੱਤਾ ਜਾ ਰਿਹਾ ਹੈ, ਇਸ ਵਿੱਚੋਂ ਚੋਣ ਕਿਵੇਂ ਹੋਵੇਗੀ। ਇਸ 'ਤੇ ਅਦਾਲਤ ਵਿੱਚ ਮੌਜੂਦ ਵਕੀਲਾਂ ਨੇ ਅਦਾਲਤ ਨੂੰ ਸੁਝਾਅ ਦਿੱਤਾ ਕਿ ਐਸਆਈਟੀ ਨੂੰ ਦੋ ਮੈਂਬਰੀ ਕਰ ਦਿੱਤਾ ਜਾਵੇ। ਹਾਈਕੋਰਟ ਨੇ ਕੇਂਦਰ ਦਾ ਪੱਖ ਪੁੱਛਿਆ ਤਾਂ ਉੱਧਰੋਂ ਵੀ ਕੋਈ ਇਤਰਾਜ਼ ਨਹੀਂ ਆਇਆ। ਹੁਣ ਅਦਾਲਤ ਭਲਕੇ ਫੈਸਲਾ ਲਵੇਗੀ ਕਿ ਐਸਆਈਟੀ ਨੂੰ ਤੀਜਾ ਮੈਂਬਰ ਦੇਣਾ ਹੈ ਜਾਂ ਮੌਜੂਦ ਦੋ ਮੈਂਬਰ ਹੀ ਕੰਮ ਕਰਨਗੇ। ਦਿੱਲੀ ਹਾਈ ਕੋਰਟ ਵਿੱਚ ਭਲਕੇ ਤਿੰਨ ਜੱਜਾਂ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰੇਗੀ।