ਝਲਾਵਰ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪਏ 'ਕਪਤਾਨੀ' ਵਿਵਾਦ ਨੂੰ ਖ਼ੁਦ ਸੁਲਝਾ ਲੈਣਗੇ। ਰਾਜਸਥਾਨ ਚੋਣ ਪ੍ਰਚਾਰ ਦੌਰਾਨ ਉਨ੍ਹਾਂ 'ਏਬੀਪੀ ਨਿਊਜ਼' ਨਾਲ ਗੱਲਬਾਤ ਕਰਦਿਆਂ ਇਹ ਦਾਅਵਾ ਕੀਤਾ।


ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਅਜ਼ੀਜ਼ ਹਨ ਤੇ ਉਹ ਉਨ੍ਹਾਂ ਨੂੰ ਪਿਆਰ ਤੇ ਸਤਿਕਾਰ ਕਰਦੇ ਹਨ। ਸਿੱਧੂ ਨੇ ਅੱਗੇ ਕਿਹਾ ਕਿ ਉਹ ਕੈਪਟਨ ਨਾਲ ਵਿਵਾਦ ਨੂੰ ਖ਼ੁਦ ਹੀ ਸੁਲਝਾ ਲੈਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਮਾਂ ਖ਼ੁਦ-ਬ-ਖ਼ੁਦ ਇਸ ਵਿਵਾਦ ਨੂੰ ਹੱਲ ਕਰ ਦੇਵੇਗਾ।

ਸਬੰਧਤ ਖ਼ਬਰ: ਕੈਪਟਨ-ਸਿੱਧੂ ਵਿਵਾਦ 'ਤੇ ਨਰਮ ਪਏ ਕਾਂਗਰਸੀ ਮੰਤਰੀ..!

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਵੀ ਉਨ੍ਹਾਂ ਦੇ ਵਿਵਾਦ 'ਤੇ ਸਫ਼ਾਈ ਦਿੱਤੀ ਸੀ ਤੇ ਕਿਹਾ ਸੀ ਕਿ ਸਿੱਧੂ ਦਾ ਪੂਰਾ ਬਿਆਨ ਨਹੀਂ ਸੁਣਿਆ ਗਿਆ। ਉਨ੍ਹਾਂ ਕਿਹਾ ਸੀ ਕਿ ਕੈਪਟਨ ਉਨ੍ਹਾਂ ਦੇ ਪਿਤਾ ਸਮਾਨ ਹਨ ਤਾਂ ਇਹ ਵਿਵਾਦ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ। ਉੱਧਰ, ਅੱਜ ਸਿੱਧੂ ਤੋਂ ਨਾਰਾਜ਼ ਪੰਜਾਬ ਦੇ ਕੈਬਨਿਟ ਮੰਤਰੀ ਵੀ ਕੁਝ ਨਰਮ ਪੈ ਗਏ ਹਨ ਤੇ ਜਾਪਦਾ ਹੈ ਕਿ ਇਹ ਮਾਮਲਾ ਛੇਤੀ ਹੀ ਸੁਲਝਾਅ ਲਿਆ ਜਾਵੇਗਾ।