ਨਵੀਂ ਦਿੱਲੀ: ਕਿਸੇ ਵੀ ਦੇਸ਼ ‘ਚ ਡਾਕਟਰ ਨੂੰ ਦੂਜੇ ਰੱਬ ਦੇ ਰੂਪ ‘ਚ ਜਾਣਿਆ ਜਾਂਦਾ ਹੈ। ਲੋਕ ਸ਼ਾਇਦ ਕਦੇ ਰੱਬ ‘ਤੇ ਯਕੀਨ ਨਾ ਕਰਨ ਪਰ ਡਾਕਟਰ ਦੀ ਕਹੀ ਗੱਲ ਉਹ ਬਿਨਾ ਸੋਚੇ ਮੰਨ ਲੈਂਦੇ ਹਨ। ਪਰ ਕੀ ਹੋਵੇ ਜਦੋਂ ਇਹੀ ਰੱਬ ਰੂਪੀ ਡਾਕਟਰ ਆਪਣੇ ਮਰੀਜ਼ਾਂ ਤੋਂ ਲੁੱਟ ਖਸੁੱਟ ਕਰਨੀ ਸ਼ੁਰੂ ਕਰ ਦੇਵੇ। ਜੀ ਹਾਂ, ਹੁਣ ਇੱਕ ਖੋਜ ‘ਚ ਪਤਾ ਲੱਗਿਆ ਹੈ ਕਿ ਭਾਰਤ ‘ਚ ਇੱਕ ਸਾਲ ‘ਚ ਨਿਜੀ ਹਸਪਤਾਲ ‘ਚ 70 ਲੱਖ ਜਣੇਪਿਆਂ ਵਿੱਚੋਂ 9 ਲੱਖ ਜਣੇਪੇ ਬਿਨਾ ਯੋਜਨਾ ਦੇ ਸੀਜ਼ੇਰੀਅਨ ਆਪ੍ਰੇਸ਼ਨ (ਸੀ-ਸੈਕਸ਼ਨ) ਨਾਲ ਹੋਏ ਹਨ।

ਰਿਪੋਰਟ ‘ਚ ਸਾਫ ਹੋਇਆ ਹੈ ਕਿ ਇਹ ਜਣੇਪੇ ਕੁਦਰਤੀ ਤਰੀਕੇ ਨਾਲ ਵੀ ਕੀਤੇ ਜਾ ਸਕਦੇ ਸਨ, ਪਰ ਪੈਸੇ ਕਮਾਉਣ ਦੇ ਲਈ ਬੱਚਾ ਜਨਮ ਵੱਡੇ ਆਪ੍ਰੇਸ਼ਨ ਨਾਲ ਕਰਵਾਇਆ ਗਿਆ। ਇਹ ਗੱਲ ਆਈਆਈਐਮਏ ਦੀ ਇੱਕ ਖੋਜ ‘ਚ ਕਹਿ ਗਈ ਹੈ। ਵੱਡੇ ਆਪ੍ਰੇਸ਼ਨ ਦੇ ਨਾਲ ਪੈਦਾ ਹੋਣ ਵਾਲੇ ਬੱਚਿਆਂ ਨਾਲ ਨਾ ਸਿਰਫ ਲੋਕਾਂ ਦੀ ਜੇਬ ‘ਤੇ ਭਾਰੀ ਬੋਝ ਪੈਂਦਾ ਹੈ ਸਗੋਂ ਇਸ ਨਾਲ ਨਵ-ਜਨਮੇ ਬੱਚੇ ਨੂੰ ਮਾਂ ਦਾ ਦੁੱਧ ਚੁੰਘਣ, ਵਜਨ ਘੱਟ ਅਤੇ ਸਾਹ ਲੈਣ ਵਿੱਚ ਤਕਲੀਫਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।



ਆਈਆਈਐਮਏ ਫੈਕਲਟੀ ਮੈਂਬਰ ਅੰਬਰੀਸ਼ ਡੋਂਗਰੇ ਅਤੇ ਵਿਦੀਆਰਥੀ ਮਿਤੁਲ ਸੁਰਾਨਾ ਨੇ ਇਹ ਰਿਸਰਚ ਕੀਤੀ ਹੈ। ਇਸ ‘ਚ ਉਨ੍ਹਾਂ ਨੇ ਦੇਖਿਆ ਕਿ ‘ਜੋ ਔਰਤਾਂ ਜਣੇਪੇ ਲਈ ਪ੍ਰਾਈਵੇਟ ਹਸਪਤਾਲਾਂ ‘ਚ ਜਾਂਦੀਆਂ ਹਨ ਉਨ੍ਹਾਂ ‘ਚ ਸਰਕਾਰੀ ਹਸਪਤਾਲਾਂ ਦੇ ਮੁਕਾਬਲੇ ਬਿਨਾ ਯੋਜਨਾ ਦੇ ਸੀ-ਸੈਕਸ਼ਨ ਨਾਲ ਬੱਚੇ ਨੂੰ ਜਨਮ ਦੇਣ ਦਾ ਡਰ 13.5 ਤੋਂ 14 ਫ਼ੀਸਦ ਵੱਧ ਹੁੰਦਾ ਹੈ।

ਇਹ ਅੰਕੜੇ ਰਾਸ਼ਟਰੀ ਪਰਿਵਾਰਕ ਸਵੱਛਤਾ ਸਰਵੇਖਣ (ਐਨਐੱਫਐਚਐਸ) ਦੇ 2015-16 ਦੇ ਚੌਥੇ ਪੜਾਅ ‘ਤੇ ਅਧਾਰਿਤ ਹਨ, ਜਿਨ੍ਹਾਂ ‘ਚ ਪਾਇਆ ਗਿਆ ਕਿ ਭਾਰਤ ‘ਚ ਨਿੱਜੀ ਹਸਪਤਾਲਾਂ ‘ਚ 40.9 ਫੀਸਦ ਜਣੇਪੇ ਸੀਜ਼ੇਰੀਅਨ ਨਾਲ ਹੁੰਦੇ ਹਨ ਜਦੋਂ ਕਿ ਸਰਕਾਰੀ ਹਸਪਤਾਲਾਂ ‘ਚ ਇਹ ਦਰ 11.9 ਫ਼ੀਸਦ ਰਹੀ। ਅਧਿਐਨ ‘ਚ ਕਿਹਾ ਗਿਆ ਹੈ ਕਿ ਸੀ-ਸੈਕਸ਼ਨ ਰਾਹੀ ਡਾਕਟਰਾਂ ਦਾ ਮਕਸਦ ਸਿਰਫ ਪੈਸੇ ਕਮਾਉਣਾ ਹੈ।

ਐਨਐੱਫਐਚਐਸ ਦਾ ਹਵਾਲਾਂ ਦਿੰਦੇ ਹੋਏ ਆਈਆਈਐਮਏ ਦੇ ਅਧਿਐਨ ‘ਚ ਕਿਹਾ ਗਿਆ ਹੈ ਕਿ ਕਿਸੇ ਨਿੱਜੀ ਹਸਪਤਾਲ ‘ਚ ਕੁਦਰਤੀ ਤਰੀਕੇ ਨਾਲ ਜਨੇਪੇ ਦਾ ਖਰਚ ਸਿਰਫ 1,814 ਰੁਪਏ ਅਤੇ ਵੱਡੇ ਆਪ੍ਰੇਸ਼ਨ ਦਾ ਖਰਚ 23,978 ਰੁਪਏ ਤਕ ਹੁੰਦਾ ਹੈ।