ਨਵੀਂ ਦਿੱਲੀ: ਆਰਥਿਕ ਮੰਦੀ ਨਾਲ ਜੂਝ ਰਹੀ ਜੈੱਟ ਏਅਰਵੇਜ਼ ਪਿਛਲੀਆਂ ਤਿੰਨ ਤਿਮਾਹੀਆਂ ਤੋਂ ਮੁਸ਼ਕਲ ‘ਚ ਹੈ। ਅਜਿਹੇ ‘ਚ ਕੰਪਨੀ ਨੇ ਐਤਵਾਰ ਨੂੰ ਵੱਖ-ਵੱਖ ਥਾਂਵਾਂ ਦੀਆਂ 14 ਉਡਾਣਾ ਨੂੰ ਰੱਦ ਕਰ ਦਿੱਤਾ। ਸੂਤਰਾਂ ਦਾ ਕਹਿਣਾ ਹੈ ਕਿ ਪਾਈਲਟਾਂ ਨੂੰ ਤਨਖਾਹ ਨਾ ਮਿਲਣ ‘ਤੇ ਉਨ੍ਹਾਂ ਨੇ ਤਬੀਅਤ ਖ਼ਰਾਬ ਹੋਣ ਦਾ ਬਹਾਨਾ ਲਾ ਕੇ ਛੁੱਟੀ ਲੈ ਲਈ ਹੈ। ਘਾਟੇ ‘ਚ ਚੱਲ ਰਹੀ ਜੈੱਟ ਏਅਰਵੇਜ਼ ਦਾ ਬੀਤੇ ਅਗਸਤ ਤੋਂ ਹੀ ਮੈਨੇਜਮੈਂਟ ਨਾਲ ਪਾਇਲਟਾਂ ਤੇ ਇੰਜਨੀਅਰਾਂ ਦਾ ਤਣਾਅ ਚੱਲ ਰਿਹਾ ਹੈ।
ਅਜਿਹੇ ‘ਚ ਏਅਰਲਾਈਨਸ ਨੇ ਕਿਹਾ ਕਿ ਪਾਇਲਟਾਂ ਨਾਲ ਗੱਲ ਕੀਤੀ ਜਾ ਰਹੀ ਹੈ। ਮਾਮਲੇ ਨੂੰ ਜਲਦੀ ਹੀ ਸੁਲਝਾ ਲਿਆ ਜਾਵੇਗਾ। ਕੰਪਨੀ ਨੇ ਸਟਾਫ ਨੂੰ ਸਤੰਬਰ ਦੀ ਤਨਖ਼ਾਹ ਤਾਂ ਦੇ ਦਿੱਤੀ ਪਰ ਅਜੇ ਅਕਤੂਬਰ ਤੇ ਨਵੰਬਰ ਦੀ ਸੈਲਰੀ ਬਾਕੀ ਹੈ। ਸੂਤਰਾਂ ਮੁਤਾਬਕ, "ਪਾਇਲਟਾਂ ਦੀ ਬੀਮਾਰੀ ਦੇ ਚੱਲਦੇ 14 ਫਲਾਈਟਾਂ ਕਰਨੀਆਂ ਪਈਆਂ। ਉਹ ਸੈਲਰੀ, ਬਕਾਇਆ ਤੇ ਨੈਸ਼ਨਲ ਐਵੀਏਟਰ ਗਿਲਡ ਦੇ ਵਰਤਾਅ ਨੂੰ ਲੈ ਕੇ ਰੋਸ ਪ੍ਰਗਟਾ ਰਹੇ ਹਨ।"
ਐਨਏਜੀ ਜੈੱਟ ਏਅਰਵੇਜ਼ ਦੇ ਘਰੇਲੂ ਪਾਇਲਟਾਂ ਦੀ ਸੰਸਥਾ ਹੈ। ਇਹ ਇੱਕ ਹਜ਼ਾਰ ਪਾਇਲਟਾਂ ਦੀ ਨੁਮਾਇੰਦਗੀ ਕਰਦੀ ਹੈ। ਜੈੱਟ ਏਅਰਵੇਜ਼ ਨੇ ਬਿਆਨ ‘ਚ ਕਿਹਾ ਕਿ ਅਚਾਨਕ ਬਣੇ ਹਾਲਾਤ ਤੇ ਪਾਇਲਟਾਂ ਦੇ ਸਾਥ ਨਾ ਦੇਣ ਕਾਰਨ ਉਡਾਣਾਂ ਬੰਦ ਕੀਤੀਆਂ ਗਈਆਂ ਹਨ। ਇੱਕ ਹੋਰ ਅਫਸਰ ਦਾ ਕਹਿਣਾ ਹੈ ਕਿ ਕੁਝ ਪਾਇਲਟਾਂ ਨੇ ਏਅਰਲਾਈਨ ਦੇ ਚੇਅਰਮੈਨ ਨਰੇਸ਼ ਗੋਇਲ ਨੂੰ ਲਿਖਤੀ ਕਿਹਾ ਹੈ ਕਿ ਉਹ ਇਨ੍ਹਾਂ ਸਥਿਤੀਆਂ ‘ਚ ਕੰਮ ਨਹੀਂ ਕਰ ਸਕਦੇ।
ਏਅਰਵੇਜ਼ ਨੇ ਯਾਰਤੀਆਂ ਨੂੰ ਐਸਐਮਐਸ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ ਜਿਸ ਦਾ ਯਾਰਤੀਆਂ ਨੂੰ ਐਡਜਸਟ ਕਰ ਜਾਂ ਮੁਆਵਜ਼ਾ ਦਿੱਤਾ ਜਾਵੇਗਾ। ਕੰਪਨੀ ਆਪਣੇ ਕਰਮਚਾਰੀਆਂ ਨਾਲ ਲਗਾਤਾਰ ਗੱਲ ਕਰ ਰਹੀ ਹੈ ਤੇ ਇਸ ਦਾ ਜਲਦੀ ਹੀ ਹੱਲ ਕਰ ਲਿਆ ਜਾਵੇਗਾ।