ਨਵੀਂ ਦਿੱਲੀ: ਨੋਟਬੰਦੀ ਤੋਂ ਬਾਅਦ ਪੈਸਿਆਂ ਨਾਲ ਜੁੜੀਆਂ ਇੱਕ ਤੋਂ ਬਾਅਦ ਇੱਕ ਹੈਰਾਨੀਜਨਕ ਕਹਾਣੀਆਂ ਸਾਹਮਣਏ ਆ ਰਹੀਆਂ ਹਨ। ਖਬਰ ਉੱਤਰ ਪ੍ਰਦੇਸ਼ ਦੇ ਏਟਾ ਤੋਂ ਆਈ ਹੈ। ਜਿੱਥੇ ਇੱਕ ਮਜਦੂਰ ਦੇ ਜਨਧਨ ਖਾਤੇ 'ਚ ਕਰੀਬ 4 ਕਰੋੜ ਰੁਪਏ ਜਮਾਂ ਕੀਤੇ ਗਏ ਹਨ। ਇਸ ਖਬਰ ਦੇ ਆਉਂਦਿਆਂ ਹੀ ਬੈਂਕ ਤੋਂ ਲੈ ਕੇ ਆਮਦਨ ਤੇ ਕਰ ਵਿਭਾਗ 'ਚ ਭਾਜੜ ਪੈ ਗਈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਅਰਵਿੰਦ ਕੁਮਾਰ ਦਿੱਲੀ 'ਚ ਤਰਪਾਲ ਸਿਉਣ ਦਾ ਕੰਮ ਕਰਦਾ ਹੈ। ਉਹ ਉੱਤਰ ਪ੍ਰਦੇਸ਼ ਦੇ ਏਟਾ ਦਾ ਰਹਿਣ ਵਾਲਾ ਹੈ। ਅਰਵਿੰਦ ਦਾ ਜਨਧਨ ਖਾਤਾ ICICI ਬੈਂਕ ਦੀ ਏਟਾ ਬਰਾਂਚ 'ਚ ਖੁੱਲਿਆ ਹੈ। ਖਾਲੀ ਰਹਿਣ ਵਾਲਾ ਉਸ ਦਾ ਇਹ ਖਾਤਾ ਅਚਾਨਕ ਹੀ ਕਰੋੜਾਂ ਰੁਪਏ ਨਾਲ ਭਰ ਗਿਆ। ਅਰਵਿੰਦ ਦੇ ਖਾਤੇ 'ਚ 3 ਕਰੋੜ 72 ਲੱਖ 960 ਰੁਪਏ ਜਮਾਂ ਹੋਏ ਹਨ। ਪਰ ਇੱਕ ਮਜਦੂਰ ਦੇ ਖਾਤੇ 'ਚ ਅਚਾਨਕ ਕਰੋੜਾਂ ਰੁਪਏ ਆਉਣ ਕਾਰਨ ਸਭ ਦੀ ਨੀਂਦ ਉੱਡੀ ਹੋਈ ਹੈ।
ਬੈਂਕ ਅਤੇ ਇਨਕਮ ਟੈਕਸ ਵਿਭਾਗ ਇਸ ਖਾਤੇ ਬਾਰੇ ਜਾਣਕਾਰੀਆਂ ਇਕੱਠੀਆਂ ਕਰਨ 'ਚ ਲੱਗਾ ਹੈ। ਅਧਿਕਾਰੀ ਬੈਂਕ ਪਹੁੰਚ ਪੂਰੇ ਮਾਮਲੇ ਦੀ ਜਾਂਚ 'ਚ ਲੱਗੇ ਹੋਏ ਹਨ। ਅਰਵਿੰਦ ਨੇ ਇਹ ਖਾਤਾ ਕਰੀਬ ਇੱਕ ਸਾਲ ਪਹਿਲਾਂ ਹੀ ਖੁਲਵਾਇਆ ਸੀ। ਜਾਣਕਾਰੀ ਮੁਤਾਬਕ ਖਾਤੇ 'ਚ ਮੋਟੀ ਰਕਮ ਜਮਾਂ ਹੋਣ ਤੋਂ ਬਾਅਦ ਅਰਵਿੰਦ ਆਪਣੇ ਘਰ ਨਹੀਂ ਹੈ। ਉਸ ਦੇ ਲਾਪਤਾ ਹੋਣ ਤੋਂ ਬਾਅਦ ਅਧਿਕਾਰੀਆਂ ਨੂੰ ਅਰਵਿੰਦ ਤੇ ਵੀ ਕਈ ਤਰਾਂ ਦੇ ਸ਼ੰਕੇ ਪੈਦਾ ਹੋ ਰਹੇ ਹਨ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।