ਨਵੀਂ ਦਿੱਲੀ: ਮੌਸਮ ਵਿਭਾਗ ਮੁਤਾਬਕ ਦੇਸ਼ ਭਰ ਵਿੱਚ ਕੁੱਲ ਮਿਲਾ ਕੇ ਮਾਨਸੂਨ ਦੀ ਬਾਰਸ਼ ਵਿੱਚ 43 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਵਿਭਾਗ ਨੇ ਕਿਹਾ ਹੈ ਕਿ ਚੱਕਰਵਾਤ ਵਾਯੂ ਦੇ ਕਮਜ਼ੋਰ ਪੈਣ ਕਰਕੇ ਮਾਨਸੂਨ ਦੋ-ਤਿੰਨ ਦਿਨਾਂ ਅੰਦਰ ਉੱਤਰ ਭਾਰਤ ਵਿੱਚ ਦਸਤਕ ਦਏਗਾ।


ਮੌਸਮ ਵਿਭਾਗ ਦੀ ਸੈਂਟਰਲ ਡਿਵੀਜ਼ਨ ਮੁਤਾਬਕ ਮੱਧ ਪ੍ਰਦੇਸ਼, ਗੋਆ, ਮਹਾਰਾਸ਼ਟਰ, ਛੱਤੀਸਗੜ੍ਹ ਤੇ ਉੜੀਸਾ ਵਿੱਚ 59 ਫੀਸਦੀ ਬਾਰਸ਼ ਦੀ ਕਮੀ ਦਰਜ ਕੀਤੀ ਗਈ। ਉੱਤਰ-ਪੂਰਬੀ ਭਾਰਤ ਵਿੱਚ ਮੀਂਹ ਵਿੱਚ 47 ਫੀਸਦੀ ਦੀ ਕਮੀ ਦਰਜ ਕੀਤੀ ਗਈ। ਪੱਛਮੀ ਉਪ ਖੰਡਾਂ ਤੇ ਪੂਰਬੀ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿੱਚ ਇਹ ਕਮੀ ਕ੍ਰਮਵਾਰ 75, 70 ਤੇ 72 ਫੀਸਦੀ ਰਹੀ। ਮੌਸਮ ਵਿਭਾਗ ਮੁਤਾਬਕ ਚੱਕਰਵਾਤ ਵਾਯੂ ਕਰਕੇ ਮਾਨਸੂਨ ਕਮਜ਼ੋਰ ਪੈ ਗਿਆ ਸੀ। ਹੁਣ ਉਮੀਦ ਹੈ ਕਿ ਦੋ ਤੋਂ ਤਿੰਨ ਦਿਨਾਂ ਅੰਦਰ ਇਹ ਫਿਰ ਤੋਂ ਮਜ਼ਬੂਤੀ ਫੜੇਗਾ।

ਮੌਸਮ ਵਿਗਿਆਨੀਆਂ ਮੁਤਾਬਕ ਹੁਣ ਤਕ ਮਾਨਸੂਨ ਨੂੰ ਮੱਧ ਭਾਰਤ ਦੇ ਜ਼ਿਆਦਾਤਰ ਭਾਗਾਂ- ਮੱਧ ਪ੍ਰਦੇਸ਼, ਰਾਜਸਥਾਨ, ਪੂਰਬੀ ਉੱਤਰ ਪ੍ਰਦੇਸ਼ ਤੇ ਗੁਜਰਾਤ ਤਕ ਪਹੁੰਚ ਜਾਣਾ ਚਾਹੀਦਾ ਸੀ ਪਰ ਇਹ ਹਾਲੇ ਮਹਾਰਾਸ਼ਟਰ ਤਕ ਵੀ ਨਹੀਂ ਪਹੁੰਚਿਆ। ਮਾਨਸੂਨ ਹਾਲੇ ਤਕ ਭਾਰਤ ਵਿੱਚ ਮੰਗਲੁਰੂ, ਮੈਸੂਰ ਤੇ ਆਸਪਾਸ ਦੇ ਇਲਾਕਿਆਂ ਦੇ ਨਾਲ-ਨਾਲ ਉੱਤਰ ਪੂਰਬੀ ਭਾਰਤ ਦੇ ਅਗਰਤਲਾ ਤਕ ਹੀ ਸੀਮਤ ਹੈ।