ਨਵੀਂ ਦਿੱਲੀ: ਦਿੱਲੀ ਦੇ ਮੁਖਰਜੀ ਨਗਰ ‘ਚ ਐਤਵਾਰ ਸ਼ਾਮ ਨੂੰ ਜੰਮ ਕੇ ਹੰਗਾਮਾ ਹੋਇਆ। ਇਲਾਕੇ ਵਿੱਚ ਇੱਕ ਪੁਲਿਸ ਵਾਹਨ ਦੀ ਟੈਂਪੂ ਨਾਲ ਟੱਕਰ ਹੋ ਗਈ। ਇਸ ਤੋਂ ਬਾਅਦ ਪੁਲਿਸ ਕਰਮੀਆਂ ਨੇ ਦੋ ਲੋਕਾਂ ਨਾਲ ਕੁੱਟਮਾਰ ਕੀਤੀ। ਇਸ ਘਟਨਾ ਤੋਂ ਬਾਅਦ ਤਿੰਨਾਂ ਪੁਲਿਸ ਕਰਮੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਪੁਲਿਸ ਅਧਿਕਾਰੀ ਵਿਜਯੰਤਾ ਆਰਿਆ ਨੇ ਸਹਾਇਕ ਸਬ-ਇੰਸਪੈਕਟਰ ਸੰਜੇ ਮਲਿਕ ਤੇ ਕਾਂਸਟੇਬਲ ਦੇਵੇਂਦਰ ਤੇ ਪੁਸ਼ਪੇਂਦਰ ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਤਿੰਨਾਂ ਪੁਲਿਸ ਵਾਲ਼ਿਆ ‘ਤੇ ਇਲਜ਼ਾਮ ਹੈ ਕਿ ਇਨ੍ਹਾਂ ਨੇ ਇੱਕ ਸਿੱਖ ਡਰਾਈਵਰ ਤੇ ਉਸ ਦੇ ਬੇਟੇ ਨੂੰ ਆਟੋ ਵਿੱਚੋਂ ਖਿੱਚ ਲ਼ਿਆ ਤੇ ਬਿਨਾ ਕਾਰਨ ਦੱਸੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।

ਇਸ ਮਾਮਲੇ ‘ਚ ਪੁਲਿਸ ਦਾ ਕਹਿਣਾ ਹੈ ਕਿ ਆਟੋ ਚਲਾਕ ਨੇ ਇੱਕ ਪੁਲਿਸ ਅਧਿਕਾਰੀ ‘ਤੇ ਤਲਵਾਰ ਨਾਲ ਹਮਲਾ ਕੀਤਾ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਵਾਹਨਾਂ ਦੀ ਟੱਕਰ ਤੋਂ ਬਾਅਦ ਟੈਂਪੂ ਚਾਲਕ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ। ਟੱਕਰ ਤੋਂ ਬਾਅਦ ਦੋਵਾਂ ‘ਚ ਬਹਿਸ ਵੀ ਹੋਈ। ਇਸ ਦੌਰਾਨ ਚਾਲਕ ਹਿੰਸਕ ਹੋ ਗਿਆ ਤੇ ਉਸ ਨੇ ਤੇਜ਼ਧਾਰ ਹਥਿਆਰ ਨਾਲ ਪੁਲਿਸ ਅਧਿਕਾਰੀ ‘ਤੇ ਹਮਲਾ ਕਰ ਦਿੱਤਾ।


ਇਸ ਘਟਨਾ ਤੋਂ ਬਾਅਦ ਡਰਾਈਵਰ ਦੇ ਸਮਰੱਥਨ ‘ਚ ਮੁਖਰਜੀ ਨਗਰ ਤੇ ਜੀਟੀ ਰਿੰਗ ਰੋਡ ਦੇ ਵਿਰੋਧ ‘ਚ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਤੇ ਟਵੀਟ ਕਰ ਨਿਰਪੱਖ ਜਾਂਚ ਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਗੱਲ ਕੀਤੀ ਹੈ।