ਨਵੀਂ ਦਿੱਲੀ: ਦਿੱਲੀ ਦੇ ਸ਼ਾਹਦਰਾ ਦੇ ਮਾਨਸਰੋਵਰ ਪਾਰਕ ਇਲਾਕੇ ਵਿੱਚ ਅੱਜ ਪੰਜ ਲੋਕਾਂ ਦੀ ਹੱਤਿਆ ਨਾਲ ਦਹਿਸ਼ਤ ਫੈਲ ਗਈ। ਇੱਕ ਘਰ ਵਿੱਚ ਅੱਜ ਸਵੇਰੇ ਇੱਕ 80 ਸਾਲ ਦੀ ਔਰਤ, ਉਸ ਦੀਆਂ ਤਿੰਨ ਬੇਟੀਆਂ ਅਤੇ ਇੱਕ ਸੁਰੱਖਿਆ ਕਰਮੀ ਦੀ ਲਾਸ਼ ਮਿਲੀ। ਇਹ ਜਾਣਕਾਰੀ ਪੁਲਿਸ ਵਲੋਂ ਦਿੱਤੀ ਗਈ ਹੈ।


ਪੁਲਿਸ ਅਧਿਆਕਰੀਆਂ ਨੂੰ ਸ਼ੱਕ ਹੈ ਕਿ ਮ੍ਰਿਤਕਾਂ ਦੇ ਕਿਸੇ ਕਰੀਬੀ ਨੇ ਹੀ ਉਨ੍ਹਾਂ ਦੀ ਹੱਤਿਆ ਕੀਤੀ ਹੈ, ਕਿਉਂਕਿ ਹੁਣ ਤੱਕ ਘਰ ਦੇ ਵਿੱਚ ਕਿਸੇ ਦੇ ਵੀ ਜ਼ਾਬਰਦਸਤੀ ਅੰਦਰ ਦਾਖ਼ਲ ਹੋਣ ਦੇ ਸਬੂਤ ਨਹੀਂ ਮਿਲੇ ਹਨ। ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਜਾਇਦਾਦ ਦੇ ਵਿਵਾਦ ਦੇ ਚੱਲਦਿਆਂ ਇਹ ਹੱਤਿਆ ਕੀਤੀ ਗਈ ਹੋਵੇ।

ਪੁਲਿਸ ਨੇ ਦੱਸਿਆ ਕਿ ਮ੍ਰਿਤਿਕਾਂ ਦੀ ਪਹਿਚਾਣ ਉਰਮਿਲਾ ਜਿੰਦਲ, ਉਸ ਦੀਆਂ ਬੇਟੀਆਂ ਸੰਗੀਤ ਗੁਪਤਾ, ਨੂਪੁਰ ਜਿੰਦਲ, ਅੰਜਲੀ ਜਿੰਦਲ ਅਤੇ ਉਨ੍ਹਾਂ ਦੇ ਸੁਰੱਖਿਆ ਗਾਰਡ ਰਾਕੇਸ਼ ਦੇ ਤੌਰ ਤੇ ਹੋਈ ਹੈ।

ਇਸ ਮਾਮਲੇ ਵਿੱਚ ਹੁਣ ਤੱਕ ਹੋਰ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ। ਮ੍ਰਿਤਕਾਂ ਨਾਲ ਸਬੰਧਤ ਜਿੰਦਲ ਆਇਲ ਮਿਲ ਇੱਕ 600 ਗੱਜ ਦੀ ਜਾਇਦਾਦ ਹੈ। ਦੱਸਿਆ ਜਾ ਰਿਹਾ ਹੈ ਕਿ ਚਾਰ ਭਰਾਵਾਂ ਵਿਚਾਲੇ ਇਸ ਪ੍ਰਾਪਰਟੀ ਦਾ ਵਿਵਾਦ ਚੱਲ ਰਿਹਾ ਸੀ, ਜਿਸ ਕਰ ਕੇ ਮਿੱਲ ਨੂੰ ਬੰਦ ਕਰ ਦਿੱਤਾ ਗਿਆ ਸੀ।

ਹਾਲਾਂਕਿ, ਪਰਿਵਾਰ ਨੇ ਕਿਸੇ ਵੀ ਵਿਵਾਦ ਤੋਂ ਇਨਕਾਰ ਕੀਤਾ ਹੈ ਅਤੇ ਲੁੱਟ ਦੀ ਮਨਸ਼ਾ ਵੱਲ ਇਸ਼ਾਰਾ ਕੀਤਾ ਹੈ। ਦੂਜੇ ਪਾਸੇ ਗਾਰਡ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਪਿਛਲੇ 20 ਸਾਲਾਂ ਤੋਂ ਤੋਂ ਕੰਮ ਕਰਦਾ ਸੀ। ਕੱਲ੍ਹ ਉਸ ਦੀ ਰਾਤ ਦੀ ਡਿਊਟੀ ਸੀ। ਪਤਨੀ ਦੇ ਮੁਤਾਬਿਕ ਰਾਕੇਸ਼ ਕਿਸੇ ਨਾਲ ਲੜਾਈ ਨਹੀਂ ਕਰਦਾ ਸੀ ਅਤੇ ਉਰਮਿਲਾ ਜਿੰਦਲ ਦੇ ਪਰਿਵਾਰ ਨਾਲ ਉਸਦੇ ਚੰਗੇ ਸਬੰਧ ਸਨ। ਫਿਲਹਾਲ ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ ਅਤੇ ਵਜ੍ਹਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।