ਗੁਰੂਗ੍ਰਾਮ: ਪ੍ਰਦਿਊਮਨ ਹੱਤਿਆਕਾਂਡ ਵਿੱਚ ਰਿਆਨ ਇੰਟਰਨੈਸ਼ਨਲ ਸਕੂਲ ਦੇ ਇਸ ਦੇ ਮਾਲਕਾਂ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਨੇ ਸਕੂਲ ਦੀ ਭੂਮਿਕਾ 'ਤੇ ਵੱਡੇ ਸਵਾਲੀਆ ਨਿਸ਼ਾਨ ਲਾ ਦਿੱਤੇ ਹਨ। ਸੀ.ਬੀ.ਆਈ. ਨੇ ਹਾਈ ਕੋਰਟ ਵਿੱਚ ਆਪਣਾ ਜਵਾਬ ਦਾਇਰ ਕਰਦਿਆਂ ਕਿਹਾ ਹੈ ਕਿ ਪ੍ਰਦਿਊਮਨ ਦੇ ਕਤਲ ਪਿੱਛੇ ਸਕੂਲ ਮਾਲਕ ਪਿੰਟੋ ਦੀ ਭੂਮਿਕਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਜਾਂਚ ਏਜੰਸੀ ਮੁਤਾਬਕ ਸਕੂਲ ਮਾਲਕ ਨੂੰ ਜਾਂਚ ਦਾ ਹਿੱਸਾ ਬਣਾਉਣਾ ਲਾਜ਼ਮੀ ਹੈ ਤੇ ਇਸ ਲਈ ਉਸ ਨੂੰ ਜ਼ਮਾਨਤ ਨਾ ਦਿੱਤੀ ਜਾਵੇ।




ਸੀ.ਬੀ.ਆਈ. ਨੇ ਦੱਸਿਆ ਕਿ ਸੱਤ ਸਾਲਾ ਵਿਦਿਆਰਥੀ ਦੀ ਹੱਤਿਆ ਸਕੂਲ ਦੀਆਂ ਗਲਤੀਆਂ ਤੇ ਲਾਪਰਵਾਹੀ ਕਾਰਨ ਹੀ ਹੋਈ ਹੈ। ਜਾਂਚ ਏਜੰਸੀ ਮੁਤਾਬਕ ਸਕੂਲ ਵੱਲੋਂ ਵਿਦਿਆਰਥੀਆਂ ਲਈ ਦਿੱਤੀਆਂ ਜਾਣ ਵਾਲੀਆਂ ਮੁਢਲੀਆਂ ਸਹੂਲਤਾਂ ਜਿਵੇਂ ਕਿ ਬੱਸਾਂ ਵਿੱਚ CCTV ਕੈਮਰਿਆਂ ਦਾ ਨਾ ਚੱਲਣਾ, ਸਕੂਲ ਦੇ ਪਖ਼ਾਨਿਆਂ ਦੀ ਲਾਈਟਾਂ ਨਾ ਚੱਲਣਾ, ਬੱਸ ਕੰਡਕਟਰਾਂ ਸਮੇਤ ਸਕੂਲ ਦਾ ਸਟਾਫ਼ ਦਾ ਸਕੂਲ ਵਿੱਚ ਬਿਨਾਂ ਰੋਕ-ਟੋਕ ਦੇ ਆਉਣਾ ਜਾਣਾ ਤੇ ਉਨ੍ਹਾਂ ਵੱਲੋਂ ਬੱਚਿਆਂ ਵਾਲਾ ਪਖ਼ਾਨਾ ਹੀ ਵਰਤਣਾ, ਆਦਿ ਸਕੂਲ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਹਨ।



ਸਕੂਲ ਮਾਲਕ ਪਿੰਟੋ ਪਰਿਵਾਰ ਵੱਲੋਂ ਆਪਣੀ ਜ਼ਮਾਨਤ ਦੀ ਅਰਜ਼ੀ 'ਤੇ ਅਦਾਲਤ ਅੱਜ ਫੈਸਲਾ ਸੁਣਾਏਗੀ। ਜ਼ਿਕਰਯੋਗ ਹੈ ਕਿ ਬੀਤੀ 8 ਸਤੰਬਰ ਨੂੰ ਸੱਤ ਸਾਲ ਦੇ ਦੂਜੀ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਪ੍ਰਦਿਊਮਨ ਦਾ ਕਤਲ ਹੋ ਗਿਆ ਸੀ। ਇਸ ਤੋਂ ਬਾਅਦ ਸਕੂਲ ਮਾਲਕਾਂ ਦੀ ਗ੍ਰਿਫਤਾਰੀ ਦੀ ਮੰਗ ਹੋ ਰਹੀ ਸੀ ਤੇ ਉਹ ਲਗਾਤਾਰ ਆਪਣੀ ਅਗਾਊਂ ਜ਼ਮਾਨਤ ਲਈ ਚਾਰਾਜੋਈ ਕਰ ਰਿਹਾ ਹੈ।