ਨਵੀਂ ਦਿੱਲੀ: ਉੜੀ ਹਮਲੇ ਨੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ। ਇੱਕ ਪਾਸੇ ਸਰਹੱਦ 'ਤੇ ਤਣਾਅ ਵਧ ਗਿਆ ਹੈ, ਉੱਥੇ ਸ਼ੱਕੀ ਬੰਦਿਆਂ ਦੀ ਘੁਸਪੈਠ ਦੀਆਂ ਸੂਚਨਾਵਾਂ ਨਾਲ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ। ਮੁੰਬਈ ਤੋਂ ਕਰੀਬ 50 ਕਿਲੋਮੀਟਰ ਦੂਰ ਰਾਏਗੜ੍ਹ ਦੇ ਉਰਨ ਵਿੱਚ ਅੱਜ ਸਵੇਰੇ ਸਾਢੇ ਛੇ ਵਜੇ ਦੋ ਬੱਚਿਆਂ ਨੇ ਚਾਰ ਸ਼ੱਕੀ ਬੰਦਿਆਂ ਨੂੰ ਵੇਖਿਆ। ਖਬਰ ਮਿਲਦੇ ਹੀ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ। ਸ਼ੱਕ ਹੈ ਕਿ ਇਹ ਅੱਤਵਾਦੀ ਹੋ ਸਕਦੇ ਹਨ।
'ਏਬੀਪੀ ਨਿਊਜ਼' ਨੂੰ ਮਿਲੀ ਜਾਣਕਾਰੀ ਮੁਤਾਬਕ ਜਿਨ੍ਹਾਂ ਬੱਚਿਆਂ ਨੇ ਸ਼ੱਕੀਆਂ ਨੂੰ ਵੇਖਿਆ, ਉਨ੍ਹਾਂ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਹੈ। ਲੜਕੀ ਦਾ ਕਹਿਣਾ ਹੈ ਕਿ ਉਸ ਨੇ ਜਿਨ੍ਹਾਂ ਸ਼ੱਕੀਆਂ ਨੂੰ ਵੇਖਿਆ ਉਹ ਕਹਿ ਰਹੇ ਸਨ ਕਿ ਪਹਿਲਾਂ ਸਕੂਲ ਤੇ ਬਾਅਦ ਵਿੱਚ ਨੇੜੇ ਸਥਿਤ ONGC ਨੂੰ ਨਿਸ਼ਾਨਾ ਬਣਾਉਣਗੇ।
ਮਹਾਰਾਸ਼ਟਰ ਦੇ ਪੁਲਿਸ ਮੁਖੀ ਨੇ ਕਿਹਾ ਕਿ ਦੋ ਬੱਚਿਆਂ ਨੇ ਪੰਜ ਸ਼ੱਕੀਆਂ ਨੂੰ ਵੇਖਿਆ। ਡੀਜੀਪੀ ਸਤੀਸ਼ ਮਾਥੁਰ ਮੁਤਾਬਕ ਇੱਕ ਬੱਚੇ ਨੇ ਪੰਜ ਤੇ ਦੂਜੇ ਨੇ ਇੱਕ ਸ਼ੱਕੀ ਨੂੰ ਵੇਖਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਲਾਕਾ ਸੀਲ ਕਰ ਲਿਆ ਹੈ। ਤਲਾਸ਼ੀ ਜਾਰੀ ਹੈ ਤੇ ਇਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।