ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਬਜਟ ਸੈਸ਼ਨ ਦੇ ਪਹਿਲੇ ਦਿਨ ਕਿਹਾ ਕਿ ਸਰਕਾਰ ਦੀ ਅਰਥ ਵਿਵਸਥਾ ਨੂੰ 5 ਖਰਬ ਤੱਕ ਪਹੁੰਚਾਉਣ ਦਾ ਵਾਅਦਾ ਪੱਕਾ ਹੈ। ਇਸ ਲਈ, ਸਾਰੇ ਸਟੇਕਹੋਲਡਰਾਂ ਨਾਲ ਗੱਲ ਕਰਨ ਤੋਂ ਬਾਅਦ ਅਰਥ ਵਿਵਸਥਾ ਦੇ ਸਾਰੇ ਪੱਧਰਾਂ 'ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਤੋਂ ਆ ਰਹੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਦੀ ਆਰਥਿਕਤਾ ਦੀ ਬੁਨਿਆਦ ਮਜ਼ਬੂਤ ਹੈ।


ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ, “ਸਾਡਾ ਵਿਦੇਸ਼ੀ ਮੁਦਰਾ ਭੰਡਾਰ 450 ਬਿਲੀਅਨ ਡਾਲਰ ਤੋਂ ਵੱਧ ਦੇ ਇਤਿਹਾਸਕ ਪੱਧਰ 'ਤੇ ਹੈ। ਬੈਂਕਾਂ ਤੇ ਹੋਰ ਸੰਸਥਾਵਾਂ ਦੇ ਤਕਰੀਬਨ ਸਾਢੇ ਤਿੰਨ ਲੱਖ ਕਰੋੜ ਰੁਪਏ ਇਨਸੋਲਵੈਂਸੀ ਤੇ ਦਿਵਾਲੀਆ ਕੋਡ ਕਾਰਨ ਵੀ ਵਾਪਸ ਆ ਗਏ ਹਨ। ਕਾਰਪੋਰੇਟ ਟੈਕਸ ਦੀ ਕਟੌਤੀ ਤੇ ਲੇਬਰ ਕੋਡ ਨਾਲ ਜੁੜੇ ਕਾਨੂੰਨ ਦੇ ਲਾਗੂ ਹੋਣ ਨਾਲ ਭਾਰਤ ਵਿੱਚ ਵਪਾਰ ਹੋਰ ਸੌਖਾ ਹੋ ਜਾਵੇਗਾ।”

ਕੋਵਿੰਦ ਨੇ ਕਿਹਾ, “ਇੱਕ ਰਾਸ਼ਟਰ, ਇੱਕ ਟੈਕਸ ਯਾਨੀ ਜੀਐਸਟੀ ਨੇ ਤਕਨਾਲੋਜੀ ਦੇ ਜ਼ਰੀਏ ਦੇਸ਼ ਵਿੱਚ ਪਾਰਦਰਸ਼ੀ ਵਪਾਰ ਨੂੰ ਉਤਸ਼ਾਹਤ ਕੀਤਾ ਹੈ। ਜਦੋਂ ਕੋਈ ਜੀਐਸਟੀ ਨਹੀਂ ਸੀ, ਤਾਂ ਦੋ ਦਰਜਨ ਤੋਂ ਵੱਧ ਵੱਖ ਵੱਖ ਟੈਕਸ ਅਦਾ ਕਰਨੇ ਪੈਂਦੇ ਸਨ। ਹੁਣ ਟੈਕਸ ਦਾ ਜਾਲ ਖ਼ਤਮ ਹੋ ਗਿਆ ਹੈ, ਟੈਕਸ ਵੀ ਹੇਠਾਂ ਆ ਗਿਆ ਹੈ। ਮੇਰੀ ਸਰਕਾਰ ਭਾਰਤ ਦੀ ਆਰਥਿਕਤਾ ਲਈ 5 ਖਰਬ ਡਾਲਰ ਦੇ ਟੀਚੇ 'ਤੇ ਪਹੁੰਚਣ ਲਈ ਵਚਨਬੱਧ ਹੈ। ਇਸ ਲਈ, ਸਾਰੇ ਸਟੇਕਹੋਲਡਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਆਰਥਿਕਤਾ ਦੇ ਸਾਰੇ ਪੱਧਰਾਂ 'ਤੇ ਕੰਮ ਕੀਤਾ ਜਾ ਰਿਹਾ ਹੈ।"