ਨਵੀਂ ਦਿੱਲੀ: ਇੱਕ ਉਦਯੋਗਕ ਸੰਸਥਾ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਦੇਸ਼ ਭਰ ਵਿੱਚ ਲੱਗੇ ਸਾਰੇ ਏਟੀਐਮ ਵਿੱਚੋਂ ਅੱਧੇ ਸਾਲ 2019 ਮਾਰਚ ਤਕ ਬੰਦ ਹੋ ਜਾਣਗੇ। ਹੁਣ ਦੇਸ਼ ਵਿੱਚ ਕੁੱਲ 2.38 ਲੱਖ ਏਟੀਐਮ ਹਨ। ਕੰਫੈਡਰੇਸ਼ਨ ਆਫ ਏਟੀਐਮ ਇੰਡਸਟਰੀ (CATMi) ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਅੱਧੇ ਏਟੀਐਮ ਬੰਦ ਹੋਣ ਤੋਂ ਬਾਅਦ ਦੇਸ਼ ‘ਚ ਹਜ਼ਾਰਾਂ ਨੌਕਰੀਆਂ ਤੇ ਕੈਸ਼ ਦੀ ਕਿੱਲਤ ਦਾ ਸਾਹਮਣਾ ਇੱਕ ਵਾਰ ਫੇਰ ਲੋਕਾਂ ਨੂੰ ਕਰਨਾ ਪਵੇਗਾ।

ਸੰਸਥਾ ਦਾ ਕਹਿਣਾ ਹੈ ਕਿ ਬੰਦ ਹੋਣ ਵਾਲੇ ਵਧੇਰੇ ਏਟੀਐਮ ਗੈਰ-ਸ਼ਹਿਰੀ ਖੇਤਰਾਂ ਦੇ ਹੋਣਗੇ। ਇਸ ਦੇ ਨਾਲ ਹੀ ਕਿਹਾ ਗਿਆ ਕਿ ਇਸ ਦਾ ਸਭ ਤੋਂ ਜ਼ਿਆਦਾ ਅਸਰ ਉਨ੍ਹਾਂ ਲੋਕਾਂ ‘ਤੇ ਪਵੇਗਾ ਜੋ ਏਟੀਐਮ ਦਾ ਜ਼ਿਆਦਾ ਇਸਤੇਮਾਲ ਕਰਦੇ ਹਨ। ਉਨ੍ਹਾਂ ਲੋਕਾਂ 'ਤੇ ਵੀ ਇਸ ਦਾ ਪ੍ਰਭਾਅ ਪਵੇਗਾ ਜੋ ਸਰਕਾਰ ਸਹੂਲਤਾਂ ਲੈਂਦੇ ਹਨ, ਕਿਉਂਕਿ ਸਰਕਾਰੀ ਸਬਸਿਡੀ ਲੈਣ ਵਾਲੇ ਲੋਕ ਇਹ ਰਕਮ ਏਟੀਐਮ ਤੋਂ ਹੀ ਕਢਾਉਂਦੇ ਹਨ।

ਏਟੀਐਮ ਦੀ ਸੰਸਥਾ ਮੁਤਾਬਕ ਹਾਲ ਹੀ ‘ਚ ਏਟੀਐਮ ਦੇ ਹਾਰਡਵੇਅਰ ਤੇ ਸਾਫਟਵੇਅਰ ਅਪਗ੍ਰੇਡ ਨੂੰ ਲੈ ਕੇ ਜੋ ਨਿਯਮ-ਕਾਨੂੰਨ ਆਏ ਹਨ, ਇਸ ਕਾਰਨ ਇਨ੍ਹਾਂ ਏਟੀਐਮ ਨੂੰ ਚਲਾਉਣਾ ਮੁਸ਼ਕਲ ਹੋ ਜਾਵੇਗਾ। ਇਸ ਤੋਂ ਇਲਾਵਾ ਕੈਸ਼ ਮੈਨੇਜਮੈਂਟ ਸਟੈਂਡਰਡ ਤੇ ਕੈਸ਼ ਲੋਡਿੰਗ ਨੂੰ ਲੈ ਕੇ ਵੀ ਨਿਯਮ ਜਾਰੀ ਹੋਏ ਹਨ। CATMi ਮੁਤਾਬਕ ਏਟੀਐਮ ਕੰਪਨੀਆਂ, ਬ੍ਰਾਉਨ ਲੇਬਲ ਤੇ ਵ੍ਹਾਈਟ ਲੇਬਲ ਏਟੀਐਮ ਪ੍ਰਦਾਤਾ ਪਹਿਲਾਂ ਹੀ ਨੋਟਬੰਦੀ ਸਮੇਂ ਹੋਏ ਘਾਟੇ ਨਾਲ ਲੜ ਰਹੇ ਹਨ। ਇਸ ਦੇ ਨਾਲ ਹੀ ਸਿਰਫ ਨਵੀਂ ਕੈਸ਼ ਲੌਜਿਸਟਿਕ ਤੇ ਕੈਸੇਟ ਸਵੈਮ ਮੈਥਡ ‘ਚ ਬਦਲਾਅ ਕਰਨ ਲਈ ਕੁੱਲ 3500 ਰੁਪਏ ਕਰੋੜ ਦਾ ਖਰਚ ਆਵੇਗਾ।