ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਧਰਮਾਂ ਦੀਆਂ ਸ਼ਖ਼ਸੀਅਤਾਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਦੇ ਤਹਿਤ ਬੁੱਧ ਧਰਮ ਦੇ ਦਲਾਈ ਲਾਮਾ, ਹਿੰਦੂ ਧਰਮ ਦੇ ਸ਼ੰਕਰਾਚਾਰੀਆ ਤੇ ਇਸਾਈ ਧਰਮ ਦੇ ਪੋਪ ਨੂੰ ਪ੍ਰਕਾਸ਼ ਪੁਰਬ ਦੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਪਹੁੰਚਾਇਆ ਗਿਆ ਹੈ।


ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਪਾਕਿਸਤਾਨ ਵਿੱਚ ਰਹਿਣ ਵਾਲੇ ਭਾਈ ਮਰਦਾਨਾ ਦੇ ਪਰਿਵਾਰ ਤੇ ਸ੍ਰੀ ਦਰਬਾਰ ਸਾਹਿਬ ਦੀ ਨੀਂਹ ਪੱਥਰ ਰੱਖਣ ਵਾਲੇ ਸਾਈਂ ਮੀਆਂ ਮੀਰ ਦੇ ਪਰਿਵਾਰ ਨੂੰ ਵੀ ਡੇਰਾ ਬਾਬਾ ਨਾਨਕ ਵਿੱਚ ਹੋਣ ਵਾਲੇ ਸਮਾਗਮ ਲਈ ਸੱਦਾ ਦਿੱਤਾ ਹੈ।


ਇਸ ਦੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਲਈ ਮਿੱਥੇ ਸਮੇਂ ਤੇ ਲਾਂਘਾ ਖੋਲ੍ਹਿਆ ਜਾਵੇਗਾ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਸਰਕਾਰ ਵੱਲੋਂ ਲਾਂਘੇ ਦਾ ਕੰਮ ਧੀਮੀ ਗਤੀ ਨਾਲ ਚੱਲ ਰਿਹਾ ਸੀ ਜਿਸ ਕਰਕੇ ਉਹ ਕੇਂਦਰ ਦੇ ਅਫ਼ਸਰਾਂ ਨੂੰ ਮਿਲਣ ਪਹੁੰਚੇ ਸੀ। ਰੰਧਾਵਾ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦੀ ਲੈਂਡ ਪੋਰਟ ਲਗਪਗ ਤਿਆਰ ਹੈ ਤੇ ਮਿੱਥੇ ਸਮੇਂ 'ਤੇ ਕੰਮ ਮੁਕੰਮਲ ਹੋ ਜਾਏਗਾ।


ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਦਾ ਵਫ਼ਦ ਪਾਕਿਸਤਾਨ ਜਾਣ ਲਈ ਭਾਰਤ ਸਰਕਾਰ ਵੱਲੋਂ ਵੀਜ਼ੇ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਜਿਸ ਦਿਨ ਵੀ ਮਨਜ਼ੂਰੀ ਦਏਗੀ, ਉਸੇ ਦਿਨ ਪੰਜਾਬ ਸਰਕਾਰ ਦਾ ਵਫਦ ਪਾਕਿਸਤਾਨ ਪਹੁੰਚ ਜਾਵੇਗਾ। ਦੋਵੇਂ ਸਰਕਾਰਾਂ ਕਰਤਾਰਪੁਰ ਲਾਂਘਾ ਸਬੰਧੀ ਗੰਭੀਰ ਹਨੇ ਤੇ ਲਾਂਘੇ ਦੇ ਕੰਮ ਨੂੰ ਵੇਖਦਿਆਂ ਪਾਕਿਸਤਾਨ ਦੀ ਨੀਅਤ 'ਤੇ ਸ਼ੱਕ ਕਰਨਾ ਵਾਜਬ ਨਹੀਂ।