ਘਰ 'ਚ ਇਕੱਲੀ ਵੇਖ ਅਧਿਆਪਕਾ ਨਾਲ ਜਬਰ ਜਨਾਹ ਮਗਰੋਂ ਕਤਲ
ਏਬੀਪੀ ਸਾਂਝਾ | 06 Feb 2018 06:11 PM (IST)
ਯਮੁਨਾਨਗਰ: ਹਰਿਆਣਾ ਵਿੱਚ ਬਲਾਤਕਾਰ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਤਾਜ਼ਾ ਮਾਮਲੇ ਵਿੱਚ ਇੱਕ ਅੱਧਖੜ ਆਰਟ ਐਂਡ ਕ੍ਰਾਫਟ ਅਧਿਆਪਕਾ ਦਾ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਗਿਆ ਹੈ। ਘਟਨਾ ਸਮੇਂ ਪਰਿਵਾਰ ਦੇ ਬਾਕੀ ਮੈਂਬਰ ਬਾਜ਼ਾਰ ਗਏ ਹੋਏ ਸੀ। ਘਰ ਵਿੱਚ ਇਕੱਲੀ ਵੇਖ ਲੁਟੇਰਿਆਂ ਨੇ 56 ਸਾਲਾ ਅਧਿਆਪਕਾ ਵੀਨਾ ਰਾਣੀ ਨੂੰ ਬੈੱਡ ਨਾਲ ਬੰਨ੍ਹ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਬਾਜ਼ਾਰ ਤੋਂ ਵਾਪਸ ਆਏ ਪਰਿਵਾਰ ਨੇ ਜਦੋਂ ਵੀਨਾ ਦੀ ਅਧਨੰਗੀ ਲਾਸ਼ ਵੇਖੀ ਤਾਂ ਹੋਸ਼ ਉੱਡ ਗਏ। ਪਰਿਵਾਰ ਮੁਤਾਬਕ ਲੁੱਟ ਦੀ ਨੀਅਤ ਨਾਲ ਆਏ ਬਦਮਾਸ਼ਾਂ ਨੇ ਅਧਿਆਪਕਾ ਨੂੰ ਇਕੱਲੀ ਪਾ ਕੇ ਜ਼ਬਰ ਜਿਨਾਹ ਕੀਤਾ ਤੇ ਬਾਅਦ ਵਿੱਚ ਕਤਲ ਕਰ ਦਿੱਤਾ। ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਬਲਾਤਕਾਰ, ਕਤਲ ਤੇ ਲੁੱਟ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਹਾਲਾਂਕਿ, ਪੁਲਿਸ ਬਲਾਤਕਾਰ ਦੇ ਪੱਖ ਤੋਂ ਜਾਂਚ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਸ਼ੁਰੂ ਕਰੇਗੀ।