ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਵਿੱਚ ਮੱਤਦਾਨ ਫ਼ੀਸਦ ਨੂੰ ਖਾਸ ਹੁੰਗਾਰਾ ਨਹੀਂ ਮਿਲਿਆ। ਸੱਤ ਸੂਬਿਆਂ ਵਿੱਚ ਕੁੱਲ ਵੋਟਿੰਗ  63.43% ਰਹੀ। ਸਭ ਤੋਂ ਵੱਧ ਵੋਟਿੰਗ ਪੱਛਮੀ ਬੰਗਾਲ (80.35%) ਵਿੱਚ ਰਹੀ ਜਦਕਿ ਸਭ ਤੋਂ ਘੱਟ ਉੱਤਰ ਪ੍ਰਦੇਸ਼ (54.72%) ਵਿੱਚ ਦਰਜ ਕੀਤੀ ਗਈ। ਦੋਵਾਂ ਸੂਬਿਆਂ ਦੀਆਂ ਚੋਣਵੀਆਂ ਸੀਟਾਂ 'ਤੇ ਮੱਤਦਾਨ ਹੋਇਆ।


ਦਿੱਲੀ ਵਿੱਚ ਇੱਕੋ ਗੇੜ ਵਿੱਚ ਹੋਈ ਵੋਟਿੰਗ ਨੂੰ ਵੀ ਕੋਈ ਖ਼ਾਸ ਹਲਾਰਾ ਨਾ ਦੇਖਣ ਨੂੰ ਮਿਲਿਆ। ਇੱਥੋਂ ਦੀਆਂ ਸੱਤ ਲੋਕ ਸਭਾ ਸੀਟਾਂ 'ਤੇ 59.74% ਵੋਟਿੰਗ ਹੋਈ। ਇਸੇ ਤਰ੍ਹਾਂ ਬਿਹਾਰ, ਮੱਧ ਪ੍ਰਦੇਸ਼ ਤੇ ਝਾਰਖੰਡ ਵਿੱਚ ਵੀ ਮੱਤਦਾਨ 60 ਫ਼ੀਸਦ ਦੇ ਨੇੜੇ-ਤੇੜੇ ਰਿਹਾ। ਇਹ ਸਾਰੇ ਅੰਕੜੇ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਾਮ ਅੱਠ ਵਜੇ ਤਕ ਜਾਰੀ ਵੇਰਵਿਆਂ 'ਤੇ ਆਧਾਰਤ ਹਨ।

ਇਹ ਵੀ ਪੜ੍ਹੋੋ: 111 ਸਾਲਾ ਬਾਬਾ ਬਚਨ ਸਿੰਘ ਨੇ ਪਾਈ ਵੋਟ, 1951 ਤੋਂ ਪਾ ਰਹੇ ਲਗਾਤਾਰ ਵੋਟ

12 ਮਈ 2019 ਯਾਨੀ ਅੱਜ ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਲਈ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਪੂਰੀ ਹੋ ਗਈ। ਛੇਵੇਂ ਗੇੜ ਵਿੱਚ ਦਿੱਲੀ ਦੀਆਂ ਸਾਰੀਆਂ ਸੱਤ ਤੇ ਹਰਿਆਣਾ ਦੀਆਂ ਵੀ ਸਾਰੀਆਂ 10 ਸੀਟਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀਆਂ 14, ਬਿਹਾਰ, ਮੱਧ ਪ੍ਰਦੇਸ਼ ਤੇ ਪੱਛਮ ਬੰਗਾਲ ਦੀਆਂ 8-8 ਅਤੇ ਝਾਰਖੰਡ ਦੀਆਂ 4 ਸੀਟਾਂ 'ਤੇ ਵੋਟਿੰਗ ਹੋਈ। ਅੱਜ ਮੱਤਦਾਨ ਦੌਰਾਨ ਪੱਛਮੀ ਬੰਗਾਲ ਵਿੱਚ ਹਿੰਸਾ ਦੀਆਂ ਘਟਨਾਵਾਂ ਤੋਂ ਇਲਾਵਾ ਬਾਕੀ ਚੋਣ ਪ੍ਰਕਿਰਿਆ ਅਮਨ ਚੈਨ ਨਾਲ ਸਿਰੇ ਚੜ੍ਹੀ।