ਨਵੀਂ ਦਿੱਲੀ: ਭਾਰਤ ਨੇ ਨੰਬਰ ਵਨ ਬਣਨ ਦਾ ਰਿਕਾਰਡ ਬਣਾਇਆ ਹੈ ਪਰ ਕਿਸੇ ਚੰਗੇ ਖੇਤਰ ‘ਚ ਨਹੀਂ ਸਗੋਂ ਫੇਕ ਨਿਊਜ਼ ਦੇ ਮਾਮਲੇ ‘ਚ। ਇਹ ਖ਼ਬਰ ਦੇਸ਼ ਲਈ ਕਾਫੀ ਸ਼ਰਮਨਾਕ ਹੈ। ਵ੍ਹੱਟਸਐਪ ‘ਤੇ ਬੱਚਾ ਚੋਰੀ ਦੀ ਅਫਵਾਹ ਤੋਂ ਹੋਈ ਮੌਬ ਲਿਚਿੰਗ ਦੀਆਂ ਖ਼ਬਰਾਂ ਪਹਿਲਾਂ ਹੀ ਸੁਰਖੀਆਂ ‘ਚ ਰਹਿ ਚੁੱਕੀਆਂ ਹਨ।
ਹੁਣ ਇੱਕ ਰਿਪੋਰਟ ‘ਚ ਇਹ ਖੁਲਾਸਾ ਹੋਇਆ ਹੈ ਕਿ ਫੇਕ ਨਿਊਜ਼ ਮਾਮਲੇ ‘ਚ ਭਾਰਤ ਨੰਬਰ ਵਨ ਹੈ। ਤੁਹਾਨੂੰ ਯਾਦ ਹੀ ਹੋਵੇਗਾ ਕਿ ਫੇਕ ਨਿਊਜ਼ ਦੇ ਕਹਿਰ ਤੋਂ ਤੰਗ ਆ ਕੇ ਵ੍ਹੱਟਸਐਪ ਨੂੰ ਭਾਰਤ ‘ਚ ਮੈਸੇਜ ਫਾਰਵਰਡਿੰਗ ਦੀ ਗਿਣਤੀ ਘਟਾ ਕੇ ਪੰਜ ਕਰਨੀ ਪਈ ਸੀ।
ਰਿਪੋਰਟ ‘ਚ ਇਹ ਗੱਲ ਕਹੀ ਗਈ ਕਿ ਭਾਰਤ ‘ਚ ਇੰਟਰਨੈੱਟ ਯੂਜ਼ਰਸ ਨੂੰ ਫਰਜ਼ੀ ਖ਼ਬਰਾਂ ਦਾ ਸਭ ਤੋਂ ਵਧ ਸਾਹਮਣਾ ਕਰਨਾ ਪੈਂਦਾ ਹੈ। ਭਾਰਤ ‘ਚ ਫਰਜ਼ੀ ਖ਼ਬਰਾਂ ਦਾ ਪ੍ਰਸਾਰ ਦੁਨੀਆ ਦੀ ਔਸਤ ਤੋਂ ਕਿਤੇ ਜ਼ਿਆਦਾ ਹੈ। ਇਹ ਰਿਪੋਰਟ ਅਮਰੀਕਾ ਦੀ ਦਿੱਗਜ ਕੰਪਨੀ ਮਾਈਕ੍ਰੋਸਾਫਟ ਦੀ ਹੈ।
ਮਾਈਕ੍ਰੋਸਾਫਟ ਨੇ 22 ਦੇਸ਼ਾਂ ‘ਚ ਸਰਵੇਖਣ ਕੀਤਾ ਸੀ ਜਿਸ ਮੁਤਾਬਕ 64 ਫੀਸਦ ਭਾਰਤੀਆਂ ਨੂੰ ਫਰਜ਼ੀ ਖ਼ਬਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਸ਼ਵ ‘ਚ ਇਹ ਅੰਕੜਾ 57 ਫੀਸਦ ਹੈ ਤੇ ਸਰਵੇ ਭਾਰਤ ‘ਚ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਆਇਆ ਹੈ। ਦਿਲਚਸਪ ਗੱਲ ਇਹ ਹੈ ਕਿ ਪਰਿਵਾਰ ਤੇ ਦੋਸਤਾਂ ਵੱਲੋਂ ਆਨਲਾਈਨ ਜ਼ੋਖ਼ਮ ਵਧਾਉਣ ਦਾ ਅੰਕੜਾ 9% ਤੋਂ ਵਧ ਕੇ 29% ਹੋ ਗਿਆ ਹੈ।