ਲਖਨਊ: ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿੱਚ ਸਵੇਰੇ ਸਵੇਰੇ ਵੱਡਾ ਰੇਲ ਹਾਦਸਾ ਹੋਇਆ ਹੈ ਜਿਸ ਵਿੱਚ ਸੱਤ ਲੋਕਾਂ ਦੇ ਮਾਰੇ ਜਾਣ ਅਤੇ 41 ਦੇ ਜ਼ਖ਼ਮੀ ਹੋ ਗਏ ਹਨ। । ਮਾਲਦਾ ਟਾਊਨ ਤੋਂ ਨਵੀਂ ਦਿੱਲੀ ਜਾ ਰਹੀ ਨਿਊ ਫਰੱਕਾ ਐਕਸਪ੍ਰੈਸ (14003) ਦੇ ਅੱਠ ਕੋਚ ਪਟੜੀਆਂ ਤੋਂ ਉੱਤਰ ਗਏ ਜਿਸ ਕਾਰਨ ਇਹ ਹਾਦਸਾ ਵਾਪਰਿਆ। ਯੂਪੀ ਦੀ ਰਾਜਧਾਨੀ ਲਖਨਊ ਤੋਂ 80 ਕਿਲੋਮੀਟਰ ਦੂਰ ਰੇਲ ਲਾਈਨਾਂ 'ਤੇ ਡੱਬਿਆਂ ਦੇ ਡਿੱਗਣ ਕਾਰਨ ਪੂਰਾ ਮਾਰਗ ਜਾਮ ਹੋ ਗਿਆ ਤੇ ਆਵਾਜਾਈ ਵੀ ਠੱਪ ਹੋ ਗਈ ਹੈ।



ਉੱਤਰ ਰੇਲਵੇ ਦੇ ਡੀਆਰਐਮ ਸਤੀਸ਼ ਕੁਮਾਰ ਨੇ ਦੱਸਿਆ ਕਿ ਦੁਰਘਟਨਾ ਸਵੇਰੇ ਛੇ ਵੱਜ ਕੇ ਪੰਜ ਮਿੰਟ 'ਤੇ ਰਾਏਬਰੇਲੀ ਦੇ ਹਰਚੰਦਪੁਰ ਨੇੜੇ ਵਾਪਰੀ। ਮੁਸਾਫਰਾਂ ਮੁਤਾਬਕ ਉਨ੍ਹਾਂ ਨੂੰ ਤੇਜ਼ ਝਟਕਾ ਮਹਿਸੂਸ ਹੋਇਆ ਸੀ। ਕੌਮੀ ਆਫ਼ਤ ਰਾਹਤ ਬਲ (ਐਨਡੀਆਰਐਫ) ਦੀਆਂ ਟੀਮਾਂ ਨੇ ਰਾਹਤ ਕਾਰਜ ਆਰੰਭੇ ਹੋਏ ਹਨ। ਹਾਲਾਂਕਿ ਟ੍ਰੇਨ ਦੀ ਤਲਾਸ਼ੀ ਪੂਰੀ ਹੋ ਗਈ ਹੈ ਤੇ ਸਾਰੇ ਮੁਸਾਫਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਰੇਲ ਮੰਤਰੀ ਪਿਊਸ਼ ਗੋਇਲ ਨੇ ਹਾਦਸੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।



ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮ੍ਰਿਤਕਾਂ ਲਈ ਦੋ-ਦੋ ਲੱਖ ਤੇ ਜ਼ਖ਼ਮੀਆਂ ਲਈ 50-50 ਹਜ਼ਾਰ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰੇਲਵੇ ਬੋਰਡ ਨੇ ਵੀ ਮ੍ਰਿਤਕਾਂ ਲਈ ਪੰਜ-ਪੰਜ ਲੱਖ ਤੇ ਜ਼ਖ਼ਮੀਆਂ ਲਈ ਇੱਕ-ਇੱਕ ਲੱਖ ਰੁਪਏ ਦੀ ਰਾਹਤ ਰਾਸ਼ੀ ਦਾ ਐਲਾਨ ਕਰ ਦਿੱਤਾ ਹੈ। ਘਟਨਾਸਥਾਨ ਵੱਲ ਏਟੀਐਸ ਦੀ ਟੀਮ ਵੀ ਰਵਾਨਾ ਕੀਤੀ ਗਈ ਹੈ, ਜੋ ਜਾਂਚ ਕਰੇਗੀ ਕਿ ਕਿਧਰੇ ਇਹ ਹਾਦਸਾ ਦਹਿਸ਼ਤਗਰਦੀ ਗਤੀਵਿਧੀ ਦਾ ਨਤੀਜਾ ਤਾਂ ਨਹੀਂ।