ਵਾਸ਼ਿੰਗਟਨ: ਸੰਯੁਕਤ ਰਾਸ਼ਟਰ ਰਾਜਦੂਤ ਨਿੱਕੀ ਹੈਲੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਅਸਤੀਫੇ ਦਾ ਕੋਈ ਕਾਰਨ ਨਹੀਂ ਦਿੱਤਾ। ਸਾਊਥ ਕੈਰੋਲਿਨਾ ਦੀ ਸਾਬਕਾ ਗਵਰਨਰ ਨਿੱਕੀ ਹੈਲੀ ਜਨਵਰੀ 2017 ਤੋਂ ਇਹ ਅਹੁਦਾ ਸੰਭਾਲ਼ ਰਹੀ ਸੀ। ਉਨ੍ਹਾਂ ਹਾਲ਼ੇ ਇਸ ਮੁੱਦੇ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
Axios ਦੀ ਵੈਬਸਾਈਟ ਮੁਤਾਬਕ ਪਿਛਲੇ ਹਫ਼ਤੇ ਵ੍ਹਾਈਟ ਹਾਊਸ ਦੀ ਇਕ ਮੀਟਿੰਗ ਵਿੱਚ ਅਮਰੀਕੀ ਰਾਸ਼ਟਰਪਤੀ ਨਾਲ ਕਿਸੇ ਮੁੱਦੇ ਸਬੰਧੀ ਵਿਵਾਦ ਬਾਅਦ ਡੌਨਲਡ ਟਰੰਪ ਨੇ ਮੰਗਲਵਾਰ ਦੀ ਸਵੇਰ ਨੂੰ ਹੈਲੀ ਦੇ ਅਸਤੀਫੇ ਨੂੰ ਸਵੀਕਾਰ ਕਰ ਲਿਆ।
ਇਸ ਸਬੰਧੀ ਵ੍ਹਾਈਟ ਹਾਊਸ ਤੋਂ ਅਜੇ ਕੋਈ ਪ੍ਰਤੀਕਿਰਿਆ ਨਹੀਂ ਆਈ ਪਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵੀਟ ਕਰਕੇ ਕਿਹਾ ਹੈ ਕਿ ਉਹ ਮੰਗਲਵਾਰ ਸ਼ਾਮ 8 ਵਜੇ (ਅਮਰੀਕੀ ਸਮੇਂ ਮੁਤਾਬਕ ਸਵੇਰੇ 10 ਵਜੇ) ਨਿੱਕੀ ਨੂੰ ਮਿਲਣਗੇ ਤੇ ਇਸ ਮੌਕੇ ਵੱਡਾ ਐਲਾਨ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਹੈਲੀ ਟਰੰਪ ਦੇ ਵੱਡੇ ਆਲੋਚਕਾਂ ਵਿੱਚ ਰਹੀ ਹੈ। ਜਦੋਂ ਉਨ੍ਹਾਂ ਨੂੰ ਇਸ ਅਹੁਦੇ ਲਈ ਚੁਣਿਆ ਗਿਆ ਸੀ ਤਾਂ ਇਸਨੂੰ ਸ਼ਾਂਤੀ ਦੇ ਪ੍ਰਸਤਾਵ ਵਜੋਂ ਵੇਖਿਆ ਜਾ ਰਿਹਾ ਸੀ। ਪ੍ਰਵਾਸੀ ਭਾਰਤੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਹੈਲੀ ਖੁੱਲ੍ਹੇ ਬਾਜ਼ਾਰ ਤੇ ਆਲਮੀ ਵਪਾਰ ਦੀ ਹਮਾਇਤੀ ਰਹੀ ਹੈ।