ਚੰਡੀਗੜ੍ਹ: ਪਾਕਿਸਤਾਨ ਨੇ ਚੀਨ ਨਾਲ ਫੌਜੀ ਡਰੋਨ ਸਮਝੌਤਾ ਕੀਤਾ ਹੈ। ਇਸ ਤਹਿਤ ਪਾਕਿਸਤਾਨ ਚੀਨ ਤੋਂ 48 ਫੌਜੀ ਡਰੋਨ ਖਰੀਦੇਗਾ। ਇਹ ਡਰੋਨ ਹਰ ਸੀਜ਼ਨ ਵਿੱਚ ਉਡਾਣ ਭਰ ਸਕਦੇ ਹਨ। ਪਾਕਿਸਤਾਨੀ ਫੌਜ ਨੇ ਇਸ ਸਮਝੌਤੇ ਨੂੰ ਹੁਣ ਤਕ ਦਾ ਸਭ ਤੋਂ ਵੱਡਾ ਸੌਦਾ ਦੱਸਿਆ ਹੈ। ਹਾਲਾਂਕਿ, ਡਰੋਨ ਸੌਦੇ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਚੀਨ ਤੇ ਪਾਕਿਸਤਾਨ ਮਿਲ ਕੇ ਡਰੋਨ ਬਣਾਉਣਗੇ। ਯਾਦ ਰਹੇ ਕਿ ਭਾਰਤ ਦੇ ਰੂਸ ਨਾਲ ਐਸ 400 ਦੇ ਮਿਜ਼ਾਈਲ ਸੌਦੇ 'ਤੇ ਹਸਤਾਖਰ ਕਰਨ ਤੋਂ ਬਾਅਦ, ਪਾਕਿਸਤਾਨ ਨੇ ਇਸ ਸਮਝੌਤੇ 'ਤੇ ਹਸਤਾਖਰ ਕੀਤੇ ਹਨ।

ਚੀਨੀ ਅਖਬਾਰ ਗਲੋਬਲ ਟਾਈਮਜ਼ ਮੁਤਾਬਕ ਚੀਨ ਦੇ ਇਸ ਆਧੁਨਿਕ ਡਰੋਨ ਦਾ ਨਾਂ ਵਿੰਗ ਲੂੰਗ-2 ਹੈ, ਜੋ ਜਾਸੂਸੀ ਦੇ ਨਾਲ-ਨਾਲ ਹਮਲਾ ਵੀ ਕਰ ਸਕਦਾ ਹੈ। ਇਸ ਨੂੰ ਚੇਂਗਦੂ ਏਅਰਕ੍ਰਾਫਟ ਇੰਡਸਟ੍ਰੀਅਲ ਕੰਪਨੀ ਨੇ ਬਣਾਇਆ ਹੈ। ਹੁਣ ਪਾਕਿਸਤਾਨ ਨੂੰ ਦਿੱਤੇ ਜਾਣ ਵਾਲੇ ਡਰੋਨ ਦਾ ਨਿਰਮਾਣ ਪਾਕਿਸਤਾਨ ਦੀ ਏਅਰੋਨੌਟਿਕਲ ਕੰਪਲੈਕਸ ਤੇ ਚੀਨ ਏਵੀਏਸ਼ਨ ਇੰਡਸਟ੍ਰੀ ਮਿਲ ਕੇ ਕਰਨਗੇ।

ਇੱਕ ਚੀਨੀ ਮਾਹਰ ਦਾ ਕਹਿਣਾ ਹੈ ਕਿ ਚੀਨ ਪਾਕਿਸਤਾਨੀ ਫੌਜ ਨੂੰ ਸਭ ਤੋਂ ਜ਼ਿਆਦਾ ਹਥਿਆਰ ਮੁਹੱਈਆ ਕਰਾਉਣ ਵਾਲਾ ਪਹਿਲਾ ਦੇਸ਼ ਹੈ। ਇਸ ਤੋਂ ਇਲਾਵਾ, ਦੋਵਾਂ ਦੇਸ਼ ਸਾਂਝੇ ਤੌਰ 'ਤੇ ਸਿੰਗਲ-ਇੰਜਣ ਲੜਾਕੂ ਜਹਾਜ਼ਾਂ ਦਾ ਵੀ ਨਿਰਮਾਣ ਕਰ ਰਹੇ ਹਨ। ਪਾਕਿਸਤਾਨੀ ਹਵਾਈ ਸੈਨਾ ਸ਼ੇਰਦਿਲਸ ਏਅਰੋਬੈਟਿਕ ਟੀਮ ਨੇ ਆਪਣੇ ਅਧਿਕਾਰਤ ਪੇਜ ’ਤੇ ਡਰੋਨ ਦੀ ਖਰੀਦਾਰੀ ਸਬੰਧੀ ਪੋਸਟ ਵੀ ਸ਼ੇਅਰ ਕੀਤੀ ਹੈ।