ਨਵੀਂ ਦਿੱਲੀ: ਇੱਕ ਅਜੀਬ ਘਟਨਾ 'ਚ ਸੱਤ ਲੋਕਾਂ ਦੇ ਸਮੂਹ ਨੂੰ ਬੰਗਲੁਰੂ ਵਿੱਚ ਭੂਤਾਂ ਦਾ ਰੂਪ ਧਾਰ ਲੋਕਾਂ ਨੂੰ ਡਰਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ ਸੋਮਵਾਰ ਸਵੇਰੇ 2:30 ਵਜੇ ਉਸ ਵੇਲੇ ਸਾਹਮਣੇ ਆਈ ਜਦੋਂ ਪੁਲਿਸ ਅਧਿਕਾਰੀ ਘੁੰਮ ਰਹੇ ਸਨ। 20 ਤੋਂ 22 ਸਾਲ ਦੇ ਸੱਤ ਲੋਕ ਭੂਤਾਂ ਵਰਗੇ ਕੱਪੜੇ ਪਾਉਂਦੇ ਤੇ ਰਾਤ ਨੂੰ ਲੋਕਾਂ ਨੂੰ ਡਰਾਉਂਦੇ ਸੀ। ਮੁਲਜ਼ਮਾਂ ਦੀ ਪਛਾਣ ਸ਼ਾਨ ਮਲਿਕ, ਨਵੀਦ, ਸਾਜਿਲ ਮੁਹੰਮਦ, ਮੁਹੰਮਦ ਅਕੀਬ, ਸਾਕਿਬ, ਸਈਦ, ਯੂਸਫ ਅਹਿਮਦ ਵਜੋਂ ਹੋਈ ਹੈ। ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


ਡੀਸੀਪੀ ਨੌਰਥ ਸ਼ਸ਼ੀਕੁਮਾਰ ਨੇ ਕਿਹਾ, “ਭੂਤ ਵਰਗੇ ਕੱਪੜੇ ਪਾਉਣ ਤੋਂ ਬਾਅਦ ਇਨ੍ਹਾਂ ਮੁੰਡਿਆਂ ਨੇ ਵਾਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਹੋਰ ਵਾਹਨਾਂ ਨੂੰ ਵਾਪਸ ਜਾਣ ਲਈ ਮਜਬੂਰ ਕੀਤਾ ਤੇ ਖੁੱਲ੍ਹੇ ਵਿੱਚ ਸੌਂ ਰਹੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਵੀ ਕੀਤੀ।" ਡੀਸੀਪੀ ਨੇ ਇਹ ਵੀ ਕਿਹਾ, "ਜ਼ਿਆਦਾਤਰ ਵਿਦਿਆਰਥੀ ਉਹ ਸਨ ਜੋ ਵਧੇਰੇ ਵਿਊਰਸ਼ਿਪ ਹਾਸਲ ਕਰਨ ਲਈ ਯੂਟਿਊਬ 'ਤੇ ਪ੍ਰੈਂਕ ਵੀਡੀਓਜ਼ ਪਾਉਣਾ ਚਾਹੁੰਦੇ ਸੀ।"

ਸਾਰੇ ਮੁਲਜ਼ਮਾਂ ਨੂੰ ਆਈਪੀਸੀ ਦੀ ਧਾਰਾਵਾਂ ਤਹਿਤ ਸ਼ਾਂਤੀ ਦੀ ਉਲੰਘਣਾ ਤੇ ਅਪਰਾਧਿਕ ਧਮਕਾਉਣ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ।