ਬਰੇਲੀ: ਯੂਪੀ ਦੇ ਬਰੇਲੀ ਵਿੱਚ ਇੱਕ ਬਜ਼ੁਰਗ ਨੇ ਖ਼ੁਦਕੁਸ਼ੀ ਕਰ ਲਈ। ਉਹ ਪਿਛਲੇ ਕੁਝ ਦਿਨਾਂ ਤੋਂ ਵਿਆਹ ਕਰਾਉਣ ਦੀ ਜ਼ਿੱਦ 'ਤੇ ਅੜੇ ਹੋਏ ਸੀ। ਇਸ ਮਾਮਲੇ 'ਤੇ ਉਨ੍ਹਾਂ ਦਾ ਪਰਿਵਾਰਕ ਮੈਂਬਰਾਂ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਇਹ ਆਤਮਘਾਤੀ ਕਦਮ ਚੁੱਕਿਆ। ਜ਼ਿਲ੍ਹੇ ਦੇ ਥਾਣਾ ਸੀਬੀਗੰਜ ਖੇਤਰ ਵਿੱਚ 75 ਸਾਲਾ ਵਿਅਕਤੀ ਨੇ ਵਿਆਹ ਨੂੰ ਲੈ ਕੇ ਆਪਣੇ ਪਰਿਵਾਰ ਨਾਲ ਝਗੜਾ ਕੀਤਾ, ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਬਜ਼ੁਰਗ ਨੇ ਕਮਰੇ ਵਿੱਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।


ਕਸ਼ੀਰਾਮ ਕਲੋਨੀ ਨੇੜੇ ਸਨੌਆ ਦੇ ਰਹਿਣ ਵਾਲੇ ਅਰਸ਼ਦ (75) ਕੁਝ ਦਿਨਾਂ ਤੋਂ ਵਿਆਹ ਕਰਨ ਦੀ ਜ਼ਿੱਦ ਕਰ ਰਹੇ ਸਨ। ਉਨ੍ਹਾਂ ਦੀ ਪਹਿਲੀ ਪਤਨੀ ਦੀ ਮੌਤ ਹੋ ਗਈ ਹੈ। ਉਨ੍ਹਾਂ ਦੇ ਅੱਠ ਬੱਚਿਆਂ ਵਿੱਚੋਂ ਪੰਜ ਲੜਕੇ ਤੇ ਤਿੰਨ ਲੜਕੀਆਂ ਹਨ। ਸਾਰੇ ਵਿਆਹੇ ਹੋਏ ਹਨ ਤੇ ਉਨ੍ਹਾਂ ਦੇ ਬੱਚੇ ਵੀ ਹਨ।


ਜਦੋਂ ਬਜ਼ੁਰਗ ਦੇ ਬੱਚਿਆਂ ਨੂੰ ਉਨ੍ਹਾਂ ਦੇ ਵਿਆਹ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਲੋਕ-ਲਾਜ ਦਾ ਹਵਾਲਾ ਦੇ ਕੇ ਪਿਤਾ ਨੂੰ ਸਮਝਾਉਣਾ ਚਾਹਿਆ, ਪਰ ਅਰਸ਼ਦ ਆਪਣੇ ਬੱਚਿਆਂ ਦੀ ਸਲਾਹ ਨਾਲ ਸਹਿਮਤ ਨਹੀਂ ਹੋਏ। ਵਿਆਹ ਨੂੰ ਲੈ ਕੇ ਵੀਰਵਾਰ ਨੂੰ ਪਰਿਵਾਰ ਵਿੱਚ ਝਗੜਾ ਹੋਇਆ। ਨਾਰਾਜ਼ ਹੋ ਕੇ ਅਰਸ਼ਦ ਨੇ ਦੇਰ ਰਾਤ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।