ਅੰਬਾਲਾ: ਬਾਲ ਸੁਧਾਰ ਘਰ ਵਿੱਚੋਂ 9 ਬਾਲ ਕੈਦੀ ਫਰਾਰ ਹੋ ਗਏ। ਬੱਚਿਆਂ ਨੇ ਸੁਧਾਰ ਘਰ ਦੇ ਜਿੰਦੇ ਤੋੜੇ ਤੇ ਪੌੜੀ ਰਾਹੀਂ ਕੰਧ ਟੱਪ ਗਏ। ਜਦੋਂ ਬਾਲ ਕੈਦੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਰਹੇ ਸੀ ਤਾਂ ਡਿਊਟੀ 'ਤੇ ਤਾਇਨਾਤ ਮੁਲਾਜ਼ਮ ਸੌਂ ਰਹੇ ਸੀ।

ਥਾਣਾ ਸ਼ਹਿਰੀ ਦੇ ਮੁਖੀ ਅਜੀਤ ਸਿੰਘ ਨੇ ਦੱਸਿਆ ਕਿ ਬਾਲ ਸੁਧਾਰ ਘਰ ਵਿੱਚ ਜੋ ਬੱਚੇ ਕੈਦ ਸਨ, ਉਨ੍ਹਾਂ ਵਿੱਚੋਂ 2 ਪੌਕਸੋ ਐਕਟ, 1 ਬਲਾਤਕਾਰ, 3 ਕਤਲ, 1 ਕਤਲ ਦੀ ਕੋਸ਼ਿਸ਼ (307) ਤੇ 2 ਚੋਰੀ ਦੇ ਮਾਮਲਿਆਂ ਵਿੱਚ ਕੈਦ ਸੀ। ਉਨ੍ਹਾਂ ਕੇਸ ਦਰਜ ਕਰ ਲਿਆ ਹੈ ਤੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਸੁਧਾਰ ਘਰ ਵਿੱਚ ਚੱਲ ਰਹੀ ਉਸਾਰੀ ਕਾਰਜ ਦਾ ਫਾਇਦਾ ਚੁੱਕ ਕੇ ਨੰਨ੍ਹੇ ਕੈਦੀ ਰਾਤ ਦੇ ਹਨੇਰੇ ਵਿੱਚ ਫਰਾਰ ਹੋ ਗਏ। ਜ਼ਿਲ੍ਹਾ ਪ੍ਰੋਗਰਾਮਿੰਗ ਅਫਸਰ ਬਲਜੀਤ ਕੌਰ ਨੇ ਦੱਸਿਆ ਕਿ ਬਾਲ ਕੈਦੀਆਂ ਨੇ ਬੈਰਕ ਨੰਬਰ ਦੋ ਦਾ ਜਿੰਦਾ ਤੋੜਿਆ ਤੇ ਪੌੜੀ ਰਾਹੀਂ ਬਾਹਰ ਛਾਲਾਂ ਮਾਰ ਗਏ।

ਅਧਿਕਾਰੀ ਨੇ ਦੱਸਿਆ ਕਿ ਬਾਲ ਸੁਧਾਰ ਘਰ ਵਿੱਚ CCTV ਲੱਗੇ ਤਾਂ ਹੋਏ ਸਨ ਪਰ ਸਾਰੇ ਜਾਂ ਤਾਂ ਖਰਾਬ ਹਨ ਜਾਂ ਟੁੱਟੇ ਹੋਏ ਸਨ। ਉਨ੍ਹਾਂ ਦੱਸਿਆ ਕਿ ਬੱਚੇ ਅਕਸਰ ਲੜ ਪੈਂਦੇ ਸਨ ਜਿਸ ਕਾਰਨ ਕੈਮਰੇ ਤੋੜ ਦਿੰਦੇ ਸੀ। ਉਨ੍ਹਾਂ ਕਿਹਾ ਕਿ ਥੋੜ੍ਹਾ ਸਮਾਂ ਪਹਿਲਾਂ ਇੱਥੇ ਰੱਖੇ ਗਏ ਬੱਚਿਆਂ ਨੂੰ ਚਮੜੀ ਦੀ ਬਿਮਾਰੀ ਹੋ ਗਈ ਸੀ, ਜਿਸ ਤੋਂ ਬਾਅਦ ਕੈਮਰੇ ਤੇ ਜਿੰਦੇ ਤੋੜ ਦਿੱਤੇ ਸੀ। ਬਾਲ ਸੁਧਾਰ ਘਰ ਦੀ ਸਮਰੱਥਾ 50 ਬੱਚਿਆਂ ਦੀ ਹੈ ਪਰ ਇੱਥੇ 122 ਬੱਚੇ ਸੀ।