ਨਵੀਂ ਦਿੱਲੀ: ਮੌਸਮ ਵਿਭਾਗ ਨੇ ਪੱਛਮੀ ਗੜਬੜੀ ਕਰਕੇ ਅਗਲੇ ਦੋ ਦਿਨਾਂ ਵਿੱਚ ਪੰਜਾਬ, ਦਿੱਲੀ ਤੇ ਪੱਛਮੀ ਉੱਤਰ ਪ੍ਰਦੇਸ਼ ਸਣੇ ਉੱਤਰੀ ਭਾਰਤ ਦੇ ਕੁਝ ਸੂਬਿਆਂ ਵਿੱਚ ਤੂਫਾਨ ਤੇ ਗੜੇ ਪੈਣ ਦੀ ਚਿਤਾਵਨੀ ਦਿੱਤੀ ਹੈ।
ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਜੰਮੂ-ਕਸ਼ਮੀਰ ਤੇ ਹਿਮਾਚਲ ਸੂਬੇ ਵਿੱਚ 12 ਫਰਵਰੀ ਨੂੰ ਬਰਫਬਾਰੀ ਹੋ ਸਕਦੀ ਹੈ। ਇਸ ਦਾ ਕਾਰਨ ਅਫਗਾਨਿਸਤਾਨ ਦੇ ਕੇਂਦਰ ਵਿੱਚ ਸਰਗਰਮ ਹੋਈ ਪੱਛਮੀ ਗੜਬੜੀ ਹੈ। ਇਸ ਦੇ ਅਗਲੇ 48 ਘੰਟੇ ਵਿੱਚ ਉੱਤਰ-ਪੱਛਮੀ ਭਾਰਤ ਵੱਲ ਆਉਣ ਦੀ ਉਮੀਦ ਹੈ। ਇਸ ਨਾਲ ਤੂਫਾਨ ਆ ਸਕਦਾ ਹੈ।
13 ਫਰਵਰੀ ਨੂੰ ਪੱਛਮੀ ਹਿਮਾਲਿਆ ਖੇਤਰ ਵਿੱਚ ਬਾਰਸ਼ ਤੇ ਬਰਫਬਾਰੀ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ 11-13 ਫਰਵਰੀ ਵਿਚਾਲੇ ਉੱਤਰੀ ਤੇ ਮੱਧ ਭਾਰਤ ਵਿੱਚ ਕੁਝ ਥਾਵਾਂ 'ਤੇ ਭਾਰੀ ਮੀਂਹ ਵੀ ਪੈ ਸਕਦਾ ਹੈ।