ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਨਾਲ ਲਗਦੇ ਗੁਰੂਗ੍ਰਾਮ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਗੁਰੂਗ੍ਰਾਮ ਵਿੱਚ 'ਅਸਲੀ' ਆਧਾਰ ਕਾਰਡ ਨਾ ਹੋਣ ਕਾਰਨ ਸਰਕਾਰੀ ਹਸਪਤਾਲ ਨੇ ਗਰਭਵਤੀ ਮਹਿਲਾ ਦਾ ਇਲਾਜ ਨਹੀਂ ਕੀਤਾ। ਇਸ ਤੋਂ ਬਾਅਦ ਔਰਤ ਨੇ ਮਜਬੂਰੀ ਵਿੱਚ ਹਸਪਤਾਲ ਦੇ ਬਾਹਰ ਹੀ ਸੜਕ 'ਤੇ ਬੱਚੇ ਨੂੰ ਜਨਮ ਦਿੱਤਾ। ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਕੀ ਹੈ ਪੂਰੀ ਘਟਨਾ?
ਦਰਅਸਲ ਮੱਧ ਪ੍ਰਦੇਸ ਦੀ ਰਹਿਣ ਵਾਲੀ ਗਰਭਵਤੀ ਮੁੰਨੀ ਆਪਣੇ ਇਲਾਜ ਲਈ ਗੁਰੂਗ੍ਰਾਮ ਦੇ ਸਿਵਲ ਹਸਪਤਾਲ ਪਹੁੰਚੀ। ਇਲਾਜ ਲਈ ਦਾਖ਼ਲ ਕਰਨ ਤੋਂ ਪਹਿਲਾਂ ਮੁੰਨੀ ਤੋਂ ਡਾਕਟਰ ਨੇ ਆਧਾਰ ਕਾਰਡ ਮੰਗਿਆ। ਉਸ ਕੋਲ ਆਧਾਰ ਕਾਰਡ ਨਹੀਂ ਸੀ ਤਾਂ ਉਸ ਦੇ ਪਤੀ ਨੇ ਆਪਣਾ ਆਧਾਰ ਨੰਬਰ ਦੇਣ ਦੀ ਪੇਸ਼ਕਸ਼ ਕੀਤੀ।
ਡਾਕਟਰ ਇਸ 'ਤੇ ਸਹਿਮਤ ਨਹੀਂ ਹੋਏ ਤੇ ਆਧਾਰ ਦੀ ਅਸਲ ਕਾਪੀ ਲਈ ਅੜੇ ਰਹੇ। ਇਸੇ ਦੌਰਾਨ ਮੁੰਨੀ ਦੀ ਹਾਲਤ ਵਿਗੜੀ ਤੇ ਉਸ ਨੇ ਹਸਪਤਾਲ ਦੇ ਦਰ 'ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ। ਮੁੰਨੀ ਨੂੰ ਹਸਪਤਾਲ ਨੇ ਉਦੋਂ ਭਰਤੀ ਕੀਤਾ ਜਦੋਂ ਉੱਥੇ ਮੀਡੀਆ ਪਹੁੰਚ ਗਿਆ।
ਹਾਲਾਂਕਿ, ਹਸਪਤਾਲ ਪ੍ਰਸ਼ਾਸਨ ਨੇ ਇਸ ਘਟਨਾ ਨੂੰ ਬੇਬੁਨਿਆਦ ਕਰਾਰ ਦੇ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਮਰੀਜ਼ ਨੂੰ ਅਲਟ੍ਰਾਸਾਊਂਡ ਕਰਵਾਉਣ ਲਈ ਕਿਹਾ ਸੀ।