ਜੰਮੂ: ਅਜਿਹਾ ਕੋਈ ਵੀ ਦਿਨ ਨਹੀਂ ਲੰਘਦਾ ਜਦੋਂ ਪਾਕਿਸਤਾਨ ਤੋਂ ਆਏ ਅੱਤਵਾਦੀ ਹਮਲਾ ਨਾ ਕਰਦੇ ਹੋਣ। ਉਨ੍ਹਾਂ ਨੇ ਕਿਹਾ ਕਿ ਜੇ ਪਾਕਿਸਤਾਨ ਭਾਰਤ ਨਾਲ ਚੰਗੇ ਸਬੰਧ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਧਰਤੀ ਤੋਂ ਸੰਚਾਲਿਤ ਹੋ ਰਹੇ ਅੱਤਵਾਦੀ ਹਮਲੇ ਰੋਕਣੇ ਹੋਣਗੇ, ਨਹੀਂ ਬਹੁਤ ਬੁਰੇ ਸਿੱਟੇ ਨਿਕਲਣਗੇ। ਭਾਰਤ ਅਜਿਹੇ ਹੋਰ ਹਮਲੇ ਬਰਦਾਸ਼ਤ ਨਹੀਂ ਕਰੇਗਾ ਤੇ ਉਸ ਨੂੰ ਜੰਗ ਛੇੜਨ ਲਈ ਮਜ਼ਬੂਰ ਹੋਣਾ ਪਏਗਾ। ਜੰਮੂ ਦੇ ਸੁੰਜਵਾਨ ਫ਼ੌਜੀ ਕੈਂਪ 'ਤੇ ਹੋਏ ਅੱਤਵਾਦੀ ਹਮਲੇ ਸਬੰਧੀ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਨੇ ਇਹ ਗੱਲ ਕਹੀ ਹੈ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜੰਮੂ ਦੇ ਸੁੰਜਵਾਨ ਫ਼ੌਜੀ ਕੈਂਪ 'ਤੇ ਹੋਏ ਅੱਤਵਾਦੀ ਹਮਲੇ 'ਤੇ ਕਿਹਾ ਕਿ ਕੈਂਪ 'ਚ ਅਜੇ ਵੀ ਅਪਰੇਸ਼ਨ ਜਾਰੀ ਹੈ ਤੇ ਅਜੇ ਇਸ ਸਬੰਧੀ ਕੋਈ ਵੀ ਟਿੱਪਣੀ ਕਰਨੀ ਨਹੀਂ ਬਣਦੀ ਪਰ ਉਨ੍ਹਾਂ ਨੇ ਕਿਹਾ ਕਿ ਉਹ ਯਕੀਨ ਦਿਵਾਉਂਦੇ ਹਨ ਕਿ ਭਾਰਤੀ ਜਵਾਨ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਹਨ ਤੇ ਉਹ ਸਿਰ ਨਹੀਂ ਝੁਕਣ ਦੇਣਗੇ।
ਮੰਨਿਆ ਜਾ ਰਿਹਾ ਹੈ ਕਿ ਸਜਵਾਂ ਫ਼ੌਜੀ ਕੈਂਪ ਅੰਦਰ 3-4 ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਹੈ। ਫ਼ੌਜ ਨੇ ਅੱਤਵਾਦੀਆਂ ਨੂੰ ਘੇਰਾ ਪਾਇਆ ਹੋਇਆ ਹੈ ਤੇ ਹੁਣ ਪੈਰਾ ਕਮਾਂਡੋ ਵਿਸ਼ੇਸ਼ ਆਪ੍ਰੇਸ਼ਨ ਚਲਾ ਰਹੇ ਹਨ। ਅੱਤਵਾਦੀਆਂ ਵੱਲੋਂ ਕੀਤੇ ਇਸ ਹਮਲੇ ਵਿੱਚ ਇੱਕ ਜਵਾਨ ਦੇ ਸ਼ਹੀਦ ਹੋਣ ਦੀ ਖ਼ਬਰ ਹੈ। ਫ਼ੌਜੀ ਜਵਾਨਾਂ ਦੇ ਰਿਹਾਇਸ਼ੀ ਇਲਾਕੇ ਵਿੱਚ ਲੁਕੇ ਅੱਤਵਾਦੀਆਂ ਦੇ ਹਮਲੇ ਕਾਰਨ ਇੱਕ ਜਵਾਨ ਦੀ ਧੀ ਸਮੇਤ ਕਈ ਜਵਾਨ ਜ਼ਖ਼ਮੀ ਹੋਏ ਹਨ।