ਜੰਮੂ ਸ਼ਹਿਰ ਦੇ ਵਿਚਾਲੇ ਵਸੇ ਸੁੰਜਵਾਂ ਆਰਮੀ ਬ੍ਰਿਗੇਡ ਵਿੱਚ ਹੁਣ ਤੱਕ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੈਂਪ ਵਿੱਚ ਅਜੇ ਵੀ ਇੱਕ ਜਾਂ ਦੋ ਅੱਤਵਾਦੀ ਹੋਰ ਲੁਕੇ ਹੋ ਸਕਦੇ ਹਨ। ਫ਼ੌਜ ਨੇ ਸੁੰਜਵਾਂ ਕੈਂਪ ਦੇ ਬਾਹਰ ਚੌਕਸੀ ਵਧਾ ਦਿੱਤੀ ਹੈ। ਆਪ੍ਰੇਸ਼ਨ 25 ਘੰਟਿਆਂ ਤੋਂ ਜਾਰੀ ਹੈ।
ਫ਼ੌਜ ਵੱਲੋਂ ਸ਼ਨੀਵਾਰ ਸ਼ਾਮ ਦੇ ਆਖਰੀ ਬਿਆਨ ਮੁਤਾਬਿਕ ਇਸ ਹਮਲੇ ਵਿੱਚ ਫ਼ੌਜ ਦਾ ਇੱਕ ਜੇ.ਸੀ.ਓ. ਅਤੇ ਇੱਕ ਐਨ.ਸੀ.ਓ. ਸ਼ਹੀਦ ਹੋਏ ਹਨ। ਦੋਵੇਂ ਸ਼ਹੀਦ ਜਵਾਨ ਜੰਮੂ-ਕਸ਼ਮੀਰ ਦੇ ਹੀ ਰਹਿਣ ਵਾਲੇ ਸਨ। ਇਸ ਹਮਲੇ ਵਿੱਚ 5 ਔਰਤਾਂ ਤੇ ਤਿੰਨ ਬੱਚਿਆਂ ਸਣੇ 9 ਜ਼ਖ਼ਮੀ ਹਨ। ਜ਼ਖਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਕੈਂਪ ਦੇ ਅੰਦਰ 150 ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਇੱਥੇ ਰਹਿਣ ਵਾਲਿਆਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਫ਼ੌਜ ਦੇ ਜਵਾਬੀ ਹਮਲੇ ਵਿੱਚ ਮਾਰੇ ਗਏ ਦੋਵੇਂ ਅੱਤਵਾਦੀ ਜੈਸ਼-ਏ-ਮੁਹੰਮਦ ਦੇ ਹਨ। ਇਹ ਅੱਤਵਾਦੀ ਆਰਮੀ ਦੀ ਵਰਦੀ ਵਿੱਚ ਸਨ। ਉਨ੍ਹਾਂ ਕੋਲੋਂ ਏ.ਕੇ.-56 ਐਸਾਲਟ ਰਾਇਫਲ, ਗੋਲਾ-ਬਰੂਦ ਅਤੇ ਹੱਥਗੋਲੇ ਬਰਾਮਦ ਹੋਏ ਹਨ। ਅੱਤਵਾਦੀਆਂ ਨੇ ਸ਼ਨੀਵਾਰ ਸਵੇਰੇ 4:50 ਵਜੇ ਕੈਂਪ ਉੱਪਰ ਫਾਈਰਿੰਗ ਸ਼ੁਰੂ ਕੀਤੀ ਸੀ ਅਤੇ ਪਿਛਲੇ ਪਾਸਿਉਂ ਅੰਦਰ ਦਾਖਲ ਹੋ ਗਏ ਸਨ।
ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਦਾ ਮਾਸਟਰਮਾਇੰਡ ਰਉਫ ਅਸਗਰ ਹੈ। ਰਉਫ ਮੌਲਾਨਾ ਜੈਸ਼ ਦੇ ਚੀਫ ਮਸੂਦ ਅਜ਼ਹਰ ਦਾ ਭਰਾ ਹੈ। ਫਰਵਰੀ ਦੇ ਪਹਿਲੇ ਹਫ਼ਤੇ ਵਿੱਚ ਰਉਫ ਨੇ ਭਰਾ ਮੌਲਾਨਾ ਮਸੂਦ ਅਜ਼ਹਰ ਦੇ ਨਾਲ ਹਿਜ਼ਬੁਲ ਦੇ ਚੀਫ ਸਈਅਦ ਸਲਾਉਦੀਨ ਨਾਲ ਮੁਲਾਕਾਤ ਕੀਤੀ ਸੀ। ਪਰਸੋਂ ਅਫਜ਼ਲ ਗੁਰੂ ਦੀ ਬਰਸੀ ਵਾਲੇ ਦਿਨ ਦੋਹਾਂ ਨੇ ਹਮਲੇ ਲਈ ਮਦਦ ਮੰਗੀ ਸੀ।