ਚੰਡੀਗੜ੍ਹ/ਨਵੀਂ ਦਿੱਲੀ: ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਵਿਚ ਵਧ ਰਹੇ ਧਾਰਮਿਕ ਅੱਤਿਆਚਾਰ ਦੇ ਮੱਦੇਨਜ਼ਰ ਅਫ਼ਗਾਨ ਘੱਟ ਗਿਣਤੀਆਂ ਨੂੰ ਭਾਰਤ ਲਿਆਉਣ ਦਾ ਸਿਲਸਿਲਾ ਜਾਰੀ ਹੈ, ਜਿਸ ਵਿਚ ਪੁਰਸ਼ਾਂ, ਔਰਤਾਂ ਅਤੇ ਬੱਚਿਆਂ ਸਮੇਤ 30 ਅਫਗਾਨ ਸਿੱਖਾਂ ਦਾ ਇਕ ਹੋਰ ਜੱਥਾ ਬੁੱਧਵਾਰ ਨੂੰ ਕਾਬੁਲ ਤੋਂ ਦਿੱਲੀ ਪਹੁੰਚਿਆ।


ਇਹ ਅਫਗਾਨ ਨਾਗਰਿਕ ਕਾਬੁਲ ਤੋਂ ਕਾਮ ਏਅਰ ਫਲਾਈਟ ਨੰਬਰ 4401 'ਤੇ ਸਵਾਰ ਹੋ ਕੇ ਪਹੁੰਚੇ ਸਨ।ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਦੱਸਿਆ ਕਿ ਅਫਗਾਨਿਸਤਾਨ 'ਚ ਅਜੇ ਵੀ 110 ਸਿੱਖ ਰਹਿ ਗਏ ਹਨ ਜਦਕਿ 61 ਈ-ਵੀਜ਼ਾ ਅਰਜ਼ੀਆਂ ਭਾਰਤ ਸਰਕਾਰ ਕੋਲ ਪੈਂਡਿੰਗ ਹਨ।


ਇਸ ਤੋਂ ਪਹਿਲਾਂ ਕਾਬੁਲ ਤੋਂ 32 ਅਫਗਾਨ ਸਿੱਖਾਂ ਨੂੰ ਬਾਹਰ ਕੱਢਿਆ ਗਿਆ ਸੀ।ਸਿੱਖਾਂ ਦੀ ਸਭ ਤੋਂ ਵੱਡੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦਾ ਹਵਾਈ ਕਿਰਾਇਆ ਚੁੱਕਿਆ ਹੈ।


ਅਫਗਾਨਿਸਤਾਨ ਵਿਚ ਸਿੱਖਾਂ ਅਤੇ ਹਿੰਦੂਆਂ 'ਤੇ ਵੱਖ-ਵੱਖ ਅੱਤਵਾਦੀ ਸੰਗਠਨਾਂ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਅਤੇ ਪਿਛਲੇ ਸਾਲ ਵਿਚ, ਹਮਲਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ, ਜਿਸ ਨਾਲ ਭਾਈਚਾਰਾ ਡਰ ਗਿਆ ਹੈ।


ਕਾਬੁਲ ਦੇ ਗੁਰਦੁਆਰਾ ਕਾਰਤ-ਏ-ਪਰਵਾਨ 'ਚ ਵਾਰ-ਵਾਰ ਭੰਨ-ਤੋੜ ਅਤੇ ਬੰਬਾਰੀ ਕੀਤੀ ਗਈ ਹੈ, ਜਿਸ ਕਾਰਨ ਉਨ੍ਹਾਂ (ਸਿੱਖਾਂ) ਦੇ ਅਫਗਾਨਿਸਤਾਨ ਵਿੱਚ ਰਹਿਣ ਨੂੰ ਅਸੁਰੱਖਿਅਤ ਬਣਾਇਆ ਗਿਆ ਹੈ।



ਦੱਸ ਦਈਏ ਕਿ ਅਫ਼ਗ਼ਾਨਿਸਤਾਨ ਵਿਚ ਘੱਟ ਗਿਣਤੀਆਂ ’ਤੇ ਲਗਾਤਾਰ ਹਮਲੇ ਹੋ ਰਹੇ ਹਨ। ਪਿਛਲੇ ਤਕਰੀਬਨ ਇਕ ਮਹੀਨੇ ਦੇ ਅੰਦਰ ਕਾਬੁਲ ਵਿਚ ਸਿੱਖਾਂ ਉਤੇ ਦੋ ਵਾਰ ਹਮਲਾ ਹੋਇਆ ਹੈ।ਕਾਬੁਲ ਸਥਿਤ ਗੁਰਦੁਆਰਾ ਕਰਤੇ ਪਰਵਾਨ ਉਤੇ ਅੱਤਵਾਦੀਆਂ ਨੇ ਹਮਲਾ ਕਰਕੇ ਵੱਡਾ ਨੁਕਸਾਨ ਕੀਤਾ ਸੀ।


ਇਸ ਤੋਂ ਕੁਝ ਦਿਨ ਬਾਅਦ ਗੁਰੂ ਘਰ ਦੇ ਬਾਹਰ ਇਕ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਹਮਲਿਆਂ ਪਿੱਛੋਂ ਇਥੇ ਵੱਸਦੇ ਸਿੱਖਾਂ ਵਿਚ ਸਹਿਮ ਦਾ ਮਾਹੌਲ ਹੈ ਤੇ ਭਾਰਤ ਸਰਕਾਰ ਕੋਲ ਸ਼ਰਨ ਦੀ ਅਪੀਲ ਕੀਤੀ ਜਾ ਰਹੀ ਹੈ।