ਨਵੀਂ ਦਿੱਲੀ: 3 ਜੂਨ ਤੋਂ ਲਾਪਤਾ ਫੌਜੀ ਜਹਾਜ਼ ਏਐਨ-32 ਦਾ ਮਲਬਾ ਮੰਗਲਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ ਸੰਘਣੇ ਜੰਗਲੀ ਖੇਤਰ ਲੀਪੋ ‘ਚ ਮਿਲਿਆ। ਨਿਊਜ਼ ਏਜੰਸੀ ਏਐਨਆਈ ਨੇ ਇੱਕ ਤਸਵੀਰ ਜਾਰੀ ਕੀਤੀ ਹੈ ਜਿਸ ‘ਚ ਝੁਲਸੇ ਹੋਏ ਦਰਖ਼ਤਾਂ ‘ਚ ਏਐਨ-32 ਦਾ ਮਲਬਾ ਨਜ਼ਰ ਆ ਰਿਹਾ ਹੈ। ਤਸਵੀਰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਹਾਜ਼ ਡਿੱਗਣ ਤੋਂ ਬਾਅਦ ਇਸ ‘ਚ ਅੱਗ ਲੱਗੀ ਹੋਵੇਗੀ।

ਅਜੇ ਤਕ ਲੀਪੋ ‘ਚ ਹਾਦਸਾਗ੍ਰਸਤ ਥਾਂ ਤਕ ਪਹੁੰਚਿਆ ਨਹੀਂ ਜਾ ਸਕਿਆ ਹੈ। ਜਹਾਜ਼ ‘ਚ ਸਵਾਰ ਲੋਕਾਂ ਦੇ ਵੀ ਸੁਰੱਖਿਅਤ ਹੋਣ ਦੀ ਉਮੀਦ ‘ਚ ਹਵਾਈ ਸੈਨਾ ਨੇ ਕਿਹਾ ਹੈ ਕਿ ਉਹ ਜਹਾਜ਼ ‘ਚ ਸਵਾਰ ਲੋਕਾਂ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।


ਏਐਨ-32 ਨੇ ਅਰੁਣਾਚਲ ਪ੍ਰਦੇਸ਼ ਦੇ ਸ਼ਿ-ਯੋਮੀ ਜ਼ਿਲ੍ਹੇ ਦੇ ਮੇਚੁਕਾ ਐਡਵਾਂਸਡ ਲੈਂਡਿੰਗ ਗ੍ਰਾਉਂਡ ਲਈ 3 ਜੂਨ ਨੂੰ 12:27 ਵਜੇ ‘ਤੇ ਆਸਾਮ ਦੇ ਜੋਰਹਾਟ ਲਈ ਉਡਾਣ ਭਰੀ ਸੀ। ਇਸ ‘ਚ 13 ਲੋਕ ਸਵਾਰ ਸੀ। ਇਸ ਹਵਾਈ ਜਹਾਜ਼ ਬਾਰੇ ਹਵਾਈ ਸੈਨਾ ਨੇ ਮੰਗਲਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ, “ਖੋਜ ਅਭਿਆਨ ‘ਚ ਲੱਗੇ ਹਵਾਈ ਸੈਨਾ ਦੇ ਐਮਆਈ-17 ਹੈਲੀਕਾਪਟਰ ਨੇ ਅੱਹ ਟਾਟੋ ਦੇ ਉੱਤਰ ਪੂਰਬ ਤੇ ਲੀਪੋ ਦੇ ਉੱਤਰ ‘ਚ 16 ਕਿਲੋਮੀਟਰ ਦੀ ਦੂਰੀ ‘ਤੇ ਸਮੁੰਦਰ ਤਟ ਤੋਂ ਕਰੀਬ 12 ਹਜ਼ਾਰ ਫੁੱਟ ਦੀ ਉਚਾਈ ‘ਤੇ ਜਹਾਜ਼ ਦੇ ਮਲਬੇ ਦਾ ਪਤਾ ਲਾਇਆ।”


ਹਵਾਈ ਸੈਨਾ ਨੇ ਇਸ ਸਾਲ ਹੁਣ ਤਕ ਕਰੀਬ 10 ਜਹਾਜ਼ ਗਵਾਏ ਹਨ ਜਿਨ੍ਹਾਂ ‘ਚ ਨਵਾਂ ਨਾਂ ਏਐਨ-32 ਦਾ ਵੀ ਹੈ। ਜਨਵਰੀ ‘ਚ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ‘ਚ ਹਵਾਈ ਸੈਨਾ ਦਾ ਜੈਗੂਆਰ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ ਜਿਸ ਵਿੱਚੋਂ ਪਾਇਲਟ ਨੂੰ ਸੁਰੱਖਿਅਤ ਬਾਹਰ ਆ ਗਿਆ ਸੀ।