ਨਵੀਂ ਦਿੱਲੀ: ਨੋਇਡਾ ਦੀ ਸ਼ਾਰਦਾ ਯੂਨੀਵਰਸੀਟੀ ‘ਚ ਖੁਦਕੁਸ਼ੀ ਕਰਨ ਜਾ ਰਹੀ ਇੱਕ ਕੁੜੀ ਨੂੰ ਜਾਨ ਦੇ ਖ਼ਤਰੇ ਚੋਂ ਕੱਢਣ ਵਾਲੇ ਸਿੱਖ ਨੌਜਵਾਨ ਮਨਜੋਤ ਸਿੰਘ ਰੀਨ ਨੂੰ ਦਿੱਲੀ ਗੁਰਦੁਆਰਾ ਪ੍ਰਬੰਦਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਨਮਾਨਿਤ ਕੀਤਾ ਹੈ। ਉਸ ਦੀ ਬਹਾਦੁਰੀ ਦੀ ਸ਼ਲਾਘਾ ਕਰਦਿਆਂ ਜੀਕੇ ਨੇ ਮਨਜੋਤ ਦੀ ਸਿਵਲ ਸਟੱਡੀਜ਼ ਦੀ ਤਿਆਰੀ ਦਾ ਸਾਰਾ ਖ਼ਰਚਾ ਚੁੱਕਣ ਦਾ ਭਰੋਸਾ ਦਿੱਤਾ ਹੈ।
ਜੀਕੇ ਨੇ ਕਿਹਾ ਕਿ ਮਨਜੋਤ ਨੇ 23 ਸਾਲ ਦੀ ਉਮਰ ‘ਚ ਕੌਮ, ਦੇਸ਼, ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਉਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਗਜਬ ਦੀ ਹਿੰਮਤ ਦਿਖਾ ਮੁਟਿਆਰ ਦੀ ਜਾਨ ਬਚਾਈ ਹੈ।
ਮਨਜੋਤ ਨੇ ਦੱਸਿਆ ਕਿ ਜਦੋਂ ਉਸ ਨੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕੁੜੀ ਨੂੰ ਖੁਦਕੁਸ਼ੀ ਕਰਨ ‘ਤੇ ਉਤਾਰੂ ਦੇਖੀ ਤਾਂ ਉਸ ਨੇ ਪਹਿਲਾਂ ਕੁੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਨਾ ਮੰਨੀ ਅਤੇ ਮਨਜੋਤ ਨੇ ਬਿਜਲੀ ਦੀ ਤੇਜ਼ੀ ਨਾਲ ਜਾ ਕੇ ਉਸ ਨੂੰ ਫੜ ਲਿਆ।ਹਾਲਾਂਕਿ, ਇਸ ਦੌਰਾਨ ਕੁੜੀ ਛੱਤ ਤੋਂ ਹੇਠਾਂ ਲਟਕ ਗਈ ਪਰ ਮਨਜੋਤ ਦੀਆਂ ਮਜ਼ਬੂਤ ਬਾਹਵਾਂ ਨੇ ਉਸ ਨੂੰ ਹੇਠਾਂ ਨਾ ਡਿੱਗਣ ਦਿੱਤਾ। ਇਹ ਦੇਖ ਹੋਰ ਜਣੇ ਵੀ ਮਨਜੋਤ ਦਾ ਸਾਥ ਦੇਣ ਲਈ ਆ ਗਏ।
ਇਸ ਦੇ ਨਾਲ ਹੀ ਸਿੱਖ ਨੌਜਵਾਨ ਮਨਜੋਤ ਨੇ ਹੋਰ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਮੌਕਿਆਂ ‘ਤੇ ਉਨ੍ਹਾਂ ਨੂੰ ਤਮਾਸ਼ਬੀਨ ਨਹੀਂ ਬਣੇ ਰਹਿਣਾ ਚਾਹੀਦਾ ਅਤੇ ਵੀਡੀਓ ਬਣਾਉਣ ਦੀ ਥਾਂ ਕਿਸੇ ਪੀੜਤ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਮਨਜੋਤ ਸਿੰਘ ਜੰਮੂ ਦਾ ਰਹਿਣ ਵਾਲਾ ਹੈ ਹੋ ਸ਼ਾਰਦਾ ਯੂਨੀਵਰਸੀਟੀ ‘ਚ ਬੀ-ਟੈਕ ਦੀ ਪੜ੍ਹਾਈ ਕਰ ਰਿਹਾ ਹੈ। ਇਸ ਦੇ ਨਾਲ ਹੀ ਉਹ ਭੰਗੜਾ ਕੋਚ ਦੇ ਤੌਰ ‘ਤੇ ਪਾਰਟ-ਟਾਈਮ ਕੰਮ ਵੀ ਕਰਦਾ ਹੈ।