ਇਸ ਕੰਮ ਲਈ ਆਧਾਰ ਕਾਰਡ ਦੀ ਲੋੜ ਨਹੀਂ....
ਏਬੀਪੀ ਸਾਂਝਾ | 23 Dec 2017 09:53 AM (IST)
ਨਵੀਂ ਦਿੱਲੀ : ਕੁਪੋਸ਼ਣ ਦੀ ਸਮੱਸਿਆ ਦੂਰ ਕਰਨ ਲਈ ਸ਼ੁਰੂ ਕੇਂਦਰੀ ਯੋਜਨਾ ਰਾਸ਼ਟਰੀ ਪੋਸ਼ਣ ਮਿਸ਼ਨ ਤਹਿਤ ਭੋਜਨ ਪ੍ਰਾਪਤ ਕਰਨ ਲਈ ਬੱਚਿਆਂ ਕੋਲ ਆਧਾਰ ਕਾਰਡ ਦਾ ਹੋਣਾ ਜ਼ਰੂਰੀ ਹੈ। ਸ਼ੁੱਕਰਵਾਰ ਨੂੰ ਸਰਕਾਰ ਵੱਲੋਂ ਲੋਕ ਸਭਾ 'ਚ ਇਹ ਜਾਣਕਾਰੀ ਦਿੱਤੀ ਗਈ। ਇਕ ਸਵਾਲ ਦੇ ਜਵਾਬ 'ਚ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਵਰਿੰਦਰ ਕੁਮਾਰ ਨੇ ਕਿਹਾ ਕਿ ਯੋਜਨਾ ਦਾ ਲਾਭ ਹਾਸਲ ਕਰਨ ਲਈ ਆਧਾਰ ਰਜਿਸਟਰੇਸ਼ਨ ਜ਼ਰੂਰੀ ਹੈ। ਪਛਾਣ ਲਈ ਆਧਾਰ ਦੀ ਵਰਤੋਂ ਹੋਣ ਨਾਲ ਸੇਵਾ ਜਾਂ ਲਾਭ ਜਾਂ ਸਬਸਿਡੀ ਦਾ ਆਸਾਨੀ ਨਾਲ ਲਾਭਪਾਤਰੀਆਂ ਤਕ ਪਹੁੰਚਣਾ ਯਕੀਨੀ ਹੋ ਜਾਂਦਾ ਹੈ। ਨਾਲ ਹੀ ਇਸ ਨਾਲ ਸਰਕਾਰੀ ਵੰਡ ਪ੍ਰਕਿਰਿਆ 'ਚ ਪਾਰਦਰਸ਼ਤਾ ਵੀ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਲਾਭ ਉਠਾਉਣ ਦੇ ਇਛੁੱਕ ਜਿਨ੍ਹਾਂ ਬੱਚਿਆਂ ਦਾ ਆਧਾਰ ਰਜਿਸਟਰੇਸ਼ਨ ਨਹੀਂ ਹੋਇਆ ਹੈ, ਉਨ੍ਹਾਂ ਦਾ ਕਾਰਡ ਬਣਵਾਉਣ ਦੀ ਵਿਵਸਥਾ ਛੇਤੀ ਕੀਤੀ ਜਾਵੇਗੀ। ਇਸ ਦੌਰਾਨ ਅਜਿਹੇ ਬੱਚਿਆਂ ਨੂੰ ਪਛਾਣ ਦੇ ਬਦਲਵੇਂ ਦਸਤਾਵੇਜ਼ਾਂ ਦੇ ਆਧਾਰ 'ਤੇ ਆਂਗਣਵਾੜੀ ਕੇਂਦਰਾਂ ਰਾਹੀਂ ਜ਼ਰੂਰੀ ਪੋਸ਼ਕ ਖ਼ੁਰਾਕ ਮੁਹੱਈਆ ਕਰਵਾਈ ਜਾਵੇਗੀ।