ਕਾਲਾ ਧਨ: ਸਵਿਸ ਖਾਤਿਆਂ ਦੀ ਜਾਣਕਾਰੀ ਪਹਿਲੀ ਜਨਵਰੀ ਤੋਂ ਮਿਲੇਗੀ
ਏਬੀਪੀ ਸਾਂਝਾ | 23 Dec 2017 09:14 AM (IST)
ਨਵੀਂ ਦਿੱਲੀ- ਵਿਦੇਸ਼ਾਂ ਵਿੱਚ ਜਮ੍ਹਾਂ ਕਾਲੇ ਧਨ ਦਾ ਪਤਾ ਲਾਉਣ ਦੇ ਲਈ ਭਾਰਤ ਨੇ ਕੱਲ੍ਹ ਸਵਿਟਜ਼ਰਲੈਂਡ ਨਾਲ ਇੱਕ ਸਮਝੌਤਾ ਕੀਤਾ, ਜਿਸ ਨਾਲ ਅਗਲੇ ਸਾਲ ਪਹਿਲੀ ਜਨਵਰੀ ਤੋਂ ਸਵਿਟਜ਼ਰਲੈਂਡ ਟੈਕਸ ਸਬੰਧੀ ਜਾਣਕਾਰੀ ਭਾਰਤ ਨਾਲ ਸਾਂਝੀ ਕਰੇਗਾ। ਪ੍ਰਤੱਖ ਟੈਕਸਾਂ ਬਾਰੇ ਕੇਂਦਰੀ ਬੋਰਡ (ਸੀ ਬੀ ਡੀ ਟੀ) ਨੇ ਦੱਸਿਆ ਕਿ ਪਾਰਲੀਮੈਂਟਰੀ ਪ੍ਰਕਿਰਿਆ ਪੂਰੀ ਕਰਨ ਪਿੱਛੋਂ ਭਾਰਤ ਅਤੇ ਸਵਿਟਜ਼ਰਲੈਂਡ ਨੇ ਇਕ ਸਮਝੌਤੇ ‘ਤੇ ਦਸਖਤ ਕੀਤੇ, ਜਿਸ ਨਾਲ ਇਕ ਜਨਵਰੀ 2018 ਤੋਂ ਦੋਵੇਂ ਦੇਸ਼ ਟੈਕਸ ਦੀ ਜਾਣਕਾਰੀ ਅਤੇ ਅੰਕੜੇ ਸਾਂਝੇ ਕਰਨਗੇ। ਇਸ ਬਾਰੇ ਕੱਲ੍ਹ ਭਾਰਤ ਵੱਲੋਂ ਸੀ ਬੀ ਡੀ ਟੀ ਦੇ ਚੇਅਰਮੈਨ ਸੁਸ਼ੀਲ ਚੰਦਰਾ ਅਤੇ ਸਵਿਟਜ਼ਰਲੈਂਡ ਦੇ ਭਾਰਤ ‘ਚ ਰਾਜਦੂਤ ਐਂਡਰਸ ਬਾਓਮ ਨੇ ਸਮਝੌਤੇ ‘ਤੇ ਦਸਤਖਤ ਕੀਤੇ। ਦੋਵਾਂ ਦੇਸ਼ਾਂ ਨੇ ਸੂਚਨਾਵਾਂ ਦਾ ਆਟੋਮੈਟਿਕ ਵਟਾਂਦਰਾ ਸ਼ੁਰੂ ਕਰਨ ਲਈ ਪਿਛਲੇ ਮਹੀਨੇ ਸਾਂਝੇ ਐਲਾਨਨਾਮੇ ‘ਤੇ ਦਸਖਤ ਕੀਤੇ ਸਨ। ਇਸ ‘ਚ ਇਹ ਵਿਵਸਥਾ ਸੀ ਕਿ ਦੋਵੇਂ ਦੇਸ਼ 2018 ਤੋਂ ਵਿਸ਼ਵ ਪੱਧਰੀ ਮਾਪਦੰਡਾਂ ਅਨੁਸਾਰ ਅੰਕੜੇ ਇਕੱਠੇ ਕਰਨਾ ਸ਼ੁਰੂ ਕਰਨਗੇ ਅਤੇ 2019 ਤੋਂ ਇਨ੍ਹਾਂ ਦਾ ਵਟਾਂਦਰਾ ਕੀਤਾ ਜਾਵੇਗਾ। ਐਲਾਨਨਾਮੇ ‘ਤੇ ਦਸਤਖਤ ਨਾਲ ਸਵਿਟਜ਼ਰਲੈਂਡ ਨੇ ਸੂਚਨਾਵਾਂ ਦੇ ਵਟਾਂਦਰੇ ਦਾ ਮਾਪਦੰਡਾਂ ਨੂੰ ਪੂਰਾ ਕਰ ਲਿਆ ਹੈ। ਉਥੇ ਭਾਰਤ ਨੇ ਆਪਣੇ ਵੱਲੋਂ ਅੰਕੜਿਆਂ ਨੂੰ ਗੁਪਤ ਰੱਖਣ ਦਾ ਵਾਆਦਾ ਕੀਤਾ ਹੈ।