ਨਵੀਂ ਦਿੱਲੀ: ਲੰਮੇ ਸਮੇਂ ਤੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਦਰਮਿਆਨ ਜਾਰੀ ਗਠਜੋੜ ਦੀਆਂ ਕਿਆਸਅਰਾਈਆਂ ਖ਼ਤਮ ਹੋ ਸਕਦੀਆਂ ਹਨ, ਕਿਉਂਕਿ ਦਿੱਲੀ ਵਿੱਚ ਦੋਵਾਂ ਪਾਰਟੀਆਂ ਵਿਚਕਾਰ ਗਠਜੋੜ ਦੀ ਸੰਭਾਵਨਾ ਤਕਰੀਬਨ ਖ਼ਤਮ ਹੋ ਚੁੱਕੀ ਹੈ। ਹਾਲ ਹੀ ਵਿੱਚ ਦਿੱਲੀ ਕਾਂਗਰਸ ਦੇ ਪ੍ਰਧਾਨ ਪੀਸੀ ਚਾਕੋ ਨੇ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ 'ਆਪ' ਦੇ ਪਿੱਛੇ ਹਟਣ ਦੀ ਗੱਲ ਦੱਸੀ।

ਪੀਸੀ ਚਾਕੋ ਨੇ ਕਿਹਾ ਕਿ ਉਨ੍ਹਾਂ 'ਆਪ' ਨੇਤਾ ਸੰਜੇ ਸਿੰਘ ਨਾਲ ਚਰਚਾ ਕੀਤੀ ਤੇ ਅਸੀਂ 3:4 ਦੇ ਫਾਰਮੂਲੇ 'ਤੇ ਸਹਿਮਤੀ ਬਣਾਈ ਸੀ। ਅੱਜ ਸਵੇਰੇ 'ਆਪ' ਆਪਣੀ ਗੱਲ ਤੋਂ ਪਿੱਛੇ ਹਟ ਗਈ, ਪਤਾ ਨਹੀਂ ਕੀ ਕਾਰਨ ਹੈ ਪਰ 'ਆਪ' ਨੂੰ ਦਿੱਲੀ ਦੀ ਜਨਤਾ ਨੂੰ ਜਵਾਬ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸਾਰੀਆਂ ਸੱਤਾਂ ਸੀਟਾਂ 'ਤੇ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਮ ਰੂਪ ਦੇ ਦਿੱਤਾ ਜਾਵੇਗਾ।

ਦਰਅਸਲ, ਕਾਂਗਰਸ ਨੇ ਦਿੱਲੀ ਵਿੱਚ 'ਆਪ' ਨਾਲ ਗਠਜੋੜ ਕਰਨ ਲਈ 3:4 ਦੇ ਫਾਰਮੂਲੇ ਦੀ ਪੇਸ਼ਕਸ਼ ਕੀਤੀ ਸੀ, ਪਰ 'ਆਪ' ਦਿੱਲੀ ਦੇ ਨਾਲ-ਨਾਲ ਹਰਿਆਣਾ ਵਿੱਚ ਵੀ ਗਠਜੋੜ ਕਰਨ ਲਈ ਜ਼ੋਰ ਪਾ ਰਹੀ ਸੀ। 'ਆਪ' ਸੂਤਰਾਂ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਦਿੱਲੀ ਵਿੱਚ ਗਠਜੋੜ ਹੋਵੇਗਾ ਤਾਂ 5:2 ਦੇ ਅਨੁਪਾਤ 'ਤੇ ਹੀ ਹੋਵੇਗਾ।