ਨਵੀਂ ਦਿੱਲੀ: ਲੋਕ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਹਰਾਉਣ ਲਈ ਰਾਜਧਾਨੀ ਦਿੱਲੀ ‘ਚ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਵਿਚਾਲੇ ਗੱਠਜੋੜ ਲਗਪਗ ਤੈਅ ਹੋ ਗਿਆ ਹੈ। ਸੂਤਰਾਂ ਮੁਤਾਬਕ ਦਿੱਲੀ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਤਿੰਨ-ਤਿੰਨ ਸੀਟਾਂ ‘ਤੇ ਚੋਣ ਲੜੇਗੀ, ਜਦਕਿ ਇੱਕ ਸੀਟ ਹੋਰਾਂ ਲਈ ਛੱਡੀ ਜਾਵੇਗੀ।


ਦਿੱਲੀ ਲੋਕ ਸਭਾ ‘ਚ ਸੱਤ ਸੀਟਾਂ ਹਨ। ਸਾਲ 2014 ਦੀਆਂ ਲੋਕ ਸਭਾ ਚੋਣਾਂ ‘ਚ ਸਾਰੀਆਂ ਸੱਤ ਸੀਟਾਂ ‘ਤੇ ਭਾਜਪਾ ਨੇ ਜਿੱਤ ਹਾਸਲ ਕੀਤੀ ਸੀ। ਉਸ ਵੇਲੇ ਕਾਂਗਰਸ ਦਾ ਵਿਰੋਧ ਕਰ ਕੇਜਰੀਵਾਲ ਨੇ ਜ਼ਮੀਨ ਤਿਆਰ ਕੀਤੀ ਸੀ। ਹੁਣ ਉਨ੍ਹਾਂ ਨੇ ਉਸੇ ਪਾਰਟੀ ਦਾ ਹੱਥ ਫੜ੍ਹ ਲਿਆ ਹੈ। ਕੇਜਰੀਵਾਲ ਨੇ ਤਾਂ ਕਈ ਵਾਰ ਬਿਆਨ ਵੀ ਦਿੱਤਾ ਸੀ ਕਿ ਉਨ੍ਹਾਂ ਨੇ ਕਾਂਗਰਸ ਨਾਲ ਗਠਜੋੜ ਲਈ ਗੱਲ ਨਹੀਂ ਕੀਤੀ।

ਗਠਜੋੜ ਦਾ ਐਲਾਨ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਦਿੱਲੀ ਕਾਂਗਰਸ ਦੀ ਵੀ ਵੱਡੀ ਬੈਠਕ ਬੁਲਾਈ ਹੈ। ਏਬੀਪੀ ਨਿਊਜ਼ ਨੂੰ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਹੁਣ ਇਸ ਦਾ ਬਸ ਰਸਮੀ ਐਲਾਨ ਹੋਣਾ ਬਾਕੀ ਹੈ। ਦਪਿਹਰ 12:30 ਵਜੇ 'ਆਪ' ਵੀ ਪ੍ਰੈੱਸ ਕਾਨਫਰੰਸ ਕਰੇਗੀ। ਖ਼ਬਰਾਂ ਤਾਂ ਇਹ ਵੀ ਹਨ ਕਿ 7ਵੀਂ ਸੀਟ ‘ਤੇ ਬਾਲੀਵੁੱਡ ਐਕਟਰ ਸ਼ਤਰੂਘਨ ਸਿਨ੍ਹਾ ਦੋਵਾਂ ਦੇ ਸਾਂਝੇ ਉਮੀਦਵਾਰ ਹੋ ਸਕਦੇ ਹਨ।