ਅਹਿਮਦਾਬਾਦ: ਆਮ ਆਦਮੀ ਪਾਰਟੀ ਨੇ ਰਾਜਕੋਟ (ਪੱਛਮੀ) ਸਮੇਤ ਗੁਜਰਾਤ ਦੀਆਂ 11 ਵਿਧਾਨ ਸਭਾ ਸੀਟਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਕਿਹਾ ਹੈ ਕਿ ਉਹ ਸਿਰਫ਼ ਉਹੋ ਸੀਟਾਂ 'ਤੇ ਹੀ ਚੋਣ ਲੜੇਗੀ, ਜਿੱਥੇ ਉਸ ਦੀ ਸਥਿਤੀ ਮਜ਼ਬੂਤ ਹੈ। ਗੁਰਜਾਤ ਵਿੱਚ 182 ਵਿਧਾਨ ਸਭਾ ਸੀਟਾਂ ਹਨ। ਖ਼ਾਸ ਗੱਲ ਇਹ ਹੈ ਕਿ ਰਾਜਕੋਟ (ਪੱਛਮੀ) ਤੋਂ ਭਾਜਪਾ ਦੇ ਮੌਜੂਦਾ ਮੁੱਖ ਮੰਤਰੀ ਵਿਜੇ ਰੁਪਾਣੀ ਅਗਵਾਈ ਕਰ ਰਹੇ ਹਨ, ਜਦਕਿ ਆਮ ਆਦਮੀ ਪਾਰਟੀ ਨੇ ਇਸ ਸੀਟ ਤੋਂ ਪੇਸ਼ੇ ਵਜੋਂ ਕਾਰੋਬਾਰੀ ਰਾਜੇਸ਼ ਭੱਟ ਨੂੰ ਉਮੀਦਵਾਰ ਐਲਾਨਿਆ ਹੈ।


ਦਿੱਲੀ ਦੇ ਮੰਤਰੀ ਤੇ ਆਮ ਆਦਮੀ ਪਾਰਟੀ ਗੁਜਰਾਤ ਦੇ ਚੋਣ ਇੰਜਾਰਜ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਵਿੱਚ ਬੀਤੇ ਕੱਲ੍ਹ ਵਿਧਾਨ ਸਭਾ ਚੋਣਾਂ ਲਈ 11 ਸੀਟਾਂ ਤੋਂ ਉਮੀਦਵਾਰਾਂ ਦੇ ਨਾਂਅ ਤੈਅ ਹੋਏ ਹਨ।

'ਆਪ' ਨੇ ਜਿਹੜੇ ਹਲਕਿਆਂ ਤੋਂ ਉਮੀਦਾਵਾਰਾਂ ਦਾ ਐਲਾਨ ਕੀਤਾ ਹੈ ਉਹ ਹਨ: ਅਨਿਲ ਵਰਮਾ (ਬਾਪੂਨਗਰ), ਰਮੇਸ਼ ਪਟੇਲ (ਊਂਝਾ), ਰਾਜੇਸ਼ ਭੱਟ (ਰਾਜਕੋਟ-ਪੱਛਮੀ), ਜੇ.ਜੇ. ਮੇਵਾੜਾ (ਦਾਨਿਲਿਮੜਾ), ਨਿਮੀਸ਼ਾ ਖੂੰਟ (ਗੋਂਡਲ), ਐਮ.ਡੀ. ਮੰਜਰੀਆ (ਲਾਠੀ), ਅਰਜੁਨ ਰਾਠਵਾ (ਕਰਜਾਨ), ਰਾਜੀਵ ਪਾਂਡੇ (ਪਰਡੀ) ਤੇ ਰਾਮ ਧਾਦੂਕ (ਕਾਮਰੇਜ)।

ਗੋਪਾਲ ਰਾਏ ਨੇ ਕਿਹਾ ਕਿ 'ਆਪ' ਦਾ ਟੀਚਾ ਗੁਜਰਾਤ ਨੂੰ ਭਾਜਪਾ ਤੋਂ ਛੁਟਕਾਰਾ ਦਿਵਾਉਣਾ ਹੈ ਤੇ ਇਸੇ ਮੰਤਵ ਨਾਲ ਉਹ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਪਾਰਟੀ ਸਿਰਫ਼ ਮਜ਼ਬੂਤ ਦਾਅਵੇਦਾਰੀ ਵਾਲੀਆਂ ਸੀਟਾਂ 'ਤੇ ਹੀ ਚੋਣ ਲੜੇਗੀ ਤਾਂ ਜੋ ਵੋਟਾਂ ਨਾ ਵੰਡੀਆਂ ਜਾਣ ਤੇ ਭਾਜਪਾ ਇਸ ਹਾਲਤ ਦਾ ਲਾਭ ਲੈ ਜਾਵੇ। ਗੋਪਾਲ ਨੇ ਕਿਹਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਸਿੱਧੀ ਟੱਕਰ ਚਾਹੁੰਦੇ ਹਾਂ।