ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਨੇ ਬੀਜੇਪੀ ਦੇ ਸੀਨੀਅਰ ਲੀਡਰ ਤੇ ਰਾਜ ਸਭਾ ਮੈਂਬਰ ਸੁਬਰਮਨੀਅਮ ਸਵਾਮੀ ਵੱਲੋਂ ਆਪਣੇ ਪੰਜਾਬ ਦੌਰੇ ਦੌਰਾਨ ਕਰਤਾਰਪੁਰ ਲਾਂਘੇ (ਕਾਰੀਡੋਰ) ਨੂੰ ਬੰਦ ਕੀਤੇ ਜਾਣ ਸਬੰਧੀ ਬਿਆਨ ਦੀ ਸਖ਼ਤ ਨਿੰਦਾ ਕਰਦਿਆਂ ਬੀਜੇਪੀ ਹਾਈਕਮਾਨ ਨੂੰ ਕਿਹਾ ਹੈ ਕਿ ਜਾਂ ਤਾਂ ਪਾਰਟੀ ਆਪਣੇ ਬੇਲਗ਼ਾਮ ਆਗੂ (ਸਵਾਮੀ) ਤੋਂ ਬਿਆਨ ਵਾਪਸ ਕਰਵਾ ਕੇ ਮੁਆਫ਼ੀ ਮੰਗਵਾਏ ਜਾਂ ਫਿਰ ਉਨ੍ਹਾਂ ਨੂੰ ਪਾਰਟੀ ਵਿੱਚੋਂ ਤੁਰੰਤ ਪ੍ਰਭਾਵ ਨਾਲ ਬਰਖ਼ਾਸਤ ਕਰਕੇ ਬਾਹਰ ਦਾ ਰਸਤਾ ਦਿਖਾਵੇ।



ਪਾਰਟੀ ਦੇ ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ ਤੇ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਸਵਾਮੀ ਦੀ ਸੋਚ ਤੇ ਲਫ਼ਜ਼ਾਂ ਨੇ ਦੁਨੀਆ ਭਰ 'ਚ ਵੱਸਦੀ 'ਨਾਨਕ ਲੇਵਾ ਸੰਗਤ' ਦੇ ਹਿਰਦੇ ਵਲੂੰਧਰੇ ਹਨ, ਕਿਉਂਕਿ 72 ਸਾਲਾਂ ਦੀਆਂ ਲਗਾਤਾਰ ਅਰਦਾਸਾਂ ਤੇ ਦੁਆਵਾਂ ਨੇ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰਾਂ ਦੀ ਆਸ ਜਗਾਈ ਹੈ, ਪਰ ਦੋਵੇਂ ਪਾਸੇ ਬੈਠੇ ਮਾਨਵਤਾ ਦੇ ਦੁਸ਼ਮਣਾਂ ਤੇ ਧਰਮ ਨੂੰ ਹਥਿਆਰ ਬਣਾ ਕੇ ਸਿਆਸਤ ਕਰਨ ਵਾਲੇ ਸਵਾਮੀ ਵਰਗੇ 'ਏਜੰਟ' ਬੇਲੋੜੇ ਅੜਿੱਕੇ ਡਾਹੁਣ ਲੱਗੇ ਹਨ।



'ਆਪ' ਵਿਧਾਇਕਾਂ ਨੇ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ 'ਭਗਵਾਨ ਸ੍ਰੀ ਕ੍ਰਿਸ਼ਨ' ਨਾਲ ਕਰਨ ਦੀ ਵੀ ਸਖ਼ਤ ਨਿਖੇਧੀ ਕੀਤੀ। 'ਆਪ' ਵਿਧਾਇਕਾਂ ਨੇ ਕਿਹਾ ਕਿ ਕਿਰਨ ਖੇਰ ਦੀਆਂ ਨਜ਼ਰਾਂ 'ਚ ਮੋਦੀ ਬਹੁਤ ਮਹਾਨ ਹੋ ਸਕਦੇ ਹਨ ਪਰ ਜਨਮ ਅਸ਼ਟਮੀ ਦੇ ਪਵਿੱਤਰ ਮੌਕੇ 'ਤੇ ਨਰਿੰਦਰ ਮੋਦੀ ਦੀ ਤੁਲਨਾ 'ਸ੍ਰੀ ਕ੍ਰਿਸ਼ਨ' ਨਾਲ ਕਰਨਾ ਬਿਲਕੁਲ ਗ਼ਲਤ ਹੈ।