ਬੁਲੰਦਸ਼ਹਿਰ: ਬੁਲੰਦਸ਼ਹਿਰ ਹਿੰਸਾ ਮਾਮਲੇ ਦੇ ਮੁਲਜ਼ਮ ਜੀਤੂ ਫੌਜੀ ਸਮੇਤ ਛੇ ਮੁਲਜ਼ਮਾਂ ਨੂੰ ਸ਼ਨੀਵਾਰ ਸ਼ਾਮ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਜਦੋਂ ਇਹ ਸਾਰੇ ਮੁਲਜ਼ਮ ਜੇਲ੍ਹ ਤੋਂ ਬਾਹਰ ਆਏ ਤਾਂ ਉਨ੍ਹਾਂ ਦੇ ਸਾਥੀਆਂ ਨੇ ਫੁੱਲਾਂ ਦੇ ਹਾਰਾਂ ਨਾਲ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਦੌਰਾਨ ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ ਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ ਗਏ।
ਇਨ੍ਹਾਂ ਮੁਲਜ਼ਮਾਂ ਉੱਤੇ ਹੰਗਾਮਾ, ਦੇਸ਼ਧ੍ਰੋਹ ਤੇ ਕਤਲ ਦੇ ਇਲਜ਼ਾਮ ਹਨ। ਪਿਛਲੇ ਸਾਲ 3 ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਸਿਆਣਾ ਕੋਤਵਾਲੀ ਇਲਾਕੇ ਵਿੱਚ ਗੌਕਸ਼ੀ ਦੇ ਸ਼ੱਕ ਵਿੱਚ ਹਿੰਸਾ ਭੜਕ ਗਈ ਸੀ। ਇਸ ਕੇਸ ਵਿੱਚ 22 ਨਾਮਜ਼ਦ ਤੇ 60 ਦੇ ਕਰੀਬ ਅਣਪਛਾਤਿਆਂ 'ਤੇ ਕੇਸ ਦਰਜ ਕੀਤੇ ਗਏ ਸੀ। ਇਸ ਕੇਸ ਦੇ 38 ਮੁਲਜ਼ਮ ਇਸ ਸਮੇਂ ਜੇਲ੍ਹ ਵਿੱਚ ਕੈਦ ਹਨ।
ਮਾਮਲੇ ਵਿੱਚ ਬੀਜੇਪੀ ਯੁਵਾ ਮੋਰਚਾ ਸਿਆਣਾ ਦੇ ਸਾਬਕਾ ਸ਼ਹਿਰ ਪ੍ਰਧਾਨ ਸ਼ਿਖਰ ਅਗਰਵਾਲ, ਉਪੇਂਦਰ ਸਿੰਘ ਰਾਘਵ, ਜੀਤੂ ਫੌਜੀ, ਸੌਰਭ, ਰੋਹਿਤ ਰਾਘਵ ਤੇ ਹੇਮੂ 'ਤੇ ਹੰਗਾਮਾ, ਕਤਲ ਤੇ ਦੇਸ਼ਧ੍ਰੋਹ ਦੇ ਇਲਜ਼ਾਮ ਹਨ। ਇਨ੍ਹਾਂ ਸਾਰਿਆਂ ਨੂੰ ਪਹਿਲਾਂ ਵੀ ਜ਼ਮਾਨਤ ਮਿਲੀ ਸੀ, ਪਰ ਦੇਸ਼ ਧ੍ਰੋਹ ਦੀ ਧਾਰਾ ਲੱਗਣ ਤੋਂ ਬਾਅਦ ਰਿਹਾਈ ਰੋਕ ਦਿੱਤੀ ਗਈ ਸੀ। 13 ਅਗਸਤ ਨੂੰ ਇਲਾਹਾਬਾਦ ਹਾਈ ਕੋਰਟ ਨੇ ਦੇਸ਼ਧ੍ਰੋਹ ਦੀ ਧਾਰਾ ਵਿੱਚ ਵੀ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ ਸੀ।