ਨਵੀਂ ਦਿੱਲੀ: ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਕੁਝ ਮਹੀਨੇ ਪਹਿਲਾਂ ਏਟੀਐਮ ਕਾਰਡ ਤੋਂ ਬਿਨਾਂ ਪੈਸਿਆਂ ਦੀ ਨਿਕਾਸੀ ਲਈ ਯੋਨੋ (YONO) ਐਪ ਲਾਂਚ ਕੀਤੀ ਸੀ। ਐਸਬੀਆਈ ਤੋਂ ਇਲਾਵਾ ਕੁਝ ਹੋਰ ਬੈਂਕ ਵੀ ਏਟੀਐਮ ਰਾਹੀਂ ਕਾਰਡਲੈੱਸ ਪੈਸੇ ਕਢਵਾਉਣ ਦੀ ਪੇਸ਼ਕਸ਼ ਕਰਦੇ ਹਨ, ਪਰ ਐਸਬੀਆਈ ਗਾਹਕ ਯੋਨੋ ਐਪ ਰਾਹੀਂ ਐਸਬੀਆਈ ਦੇ ਏਟੀਐਮ (ਯੋਨੋ ਕੈਸ਼ਪੁਆਇੰਟ) ਤੋਂ ਨਕਦ ਕਢਵਾ ਸਕਦੇ ਹਨ।


ਹਾਲ ਹੀ ਵਿੱਚ ਐਸਬੀਆਈ ਨੇ ਦੱਸਿਆ ਹੈ ਕਿ ਉਹ 18 ਮਹੀਨਿਆਂ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 10 ਲੱਖ ਯੋਨੋ ਕੈਸ਼ ਪੁਆਇੰਟਸ ਮੁਹੱਈਆ ਕਰਵਾਏਗੀ, ਜਿਸ ਨਾਲ ਐਸਬੀਆਈ ਗਾਹਕ ਸਿਰਫ ਆਪਣੇ ਸਮਾਰਟਫੋਨ ਦੀ ਮਦਦ ਨਾਲ ਹੀ ਨਕਦ ਕਢਵਾ ਸਕਣਗੇ।


ਯੋਨੋ ਐਪ ਰਾਹੀਂ ਇੰਝ ਕਢਵਾਓ ਨਕਦ




  • ਸਭ ਤੋਂ ਪਹਿਲਾਂ ਤੁਹਾਨੂੰ ਯੋਨੋ ਐਪ ਨੂੰ ਡਾਊਨਲੋਡ ਕਰਨੀ ਪਏਗੀ, ਉਸ ਤੋਂ ਬਾਅਦ ਤੁਸੀਂ ਲੈਣ-ਦੇਣ ਲਈ 6 ਅੰਕਾਂ ਦਾ ਯੋਨੋ ਕੈਸ਼ ਪਿੰਨ ਸੈੱਟ ਕਰੋ।

  • ਇਸ ਵਿੱਚ ਦੋ ਤਰੀਕਿਆਂ ਨਾਲ ਅਥੈਂਨਟੀਕੇਸ਼ਨ ਦਾ ਵਿਕਲਪ ਆਵੇਗਾ। ਨਕਦ ਕਢਵਾਉਣ ਲਈ ਤੁਹਾਨੂੰ ਐਸਐਮਐਸ ਦੇ ਜ਼ਰੀਏ ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ 6 ਅੰਕਾਂ ਦਾ ਰੈਫਰੈਂਸ ਨੰਬਰ ਮਿਲੇਗਾ।

  • ਹੁਣ ਤੁਸੀਂ ਕੈਸ਼ ਕਢਵਾਉਣ ਲਈ 30 ਮਿੰਟਾਂ ਦੇ ਅੰਦਰ-ਅੰਦਰ ਇਸ ਨੰਬਰ ਨੂੰ ਯੋਨੋ ਕੈਸ਼ਪੁਆਇੰਟ 'ਤੇ ਜਾ ਕੇ ਵਰਤ ਸਕਦੇ ਹੋ।


ਇਸੇ ਤਰ੍ਹਾਂ ਐਸਬੀਆਈ ਯੋਨੋ ਵੈਬਸਾਈਟ ਰਾਹੀਂ ਵੀ ਨਕਦ ਕਢਵਾਇਆ ਜਾ ਸਕਦਾ ਹੈ।




  • ਸਭ ਤੋਂ ਪਹਿਲਾਂ ਯੋਨੋ ਵੈਬਸਾਈਟ 'ਤੇ ਜਾਓ। ਆਪਣੀ ਨੈਟ ਬੈਂਕਿੰਗ ਦੀ ਆਈਡੀ ਪਾਸਵਰਡ ਭਰੋ ਤੇ ਲਾਗਇਨ ਕਰੋ।

  • ਇੱਥੇ ਤੁਹਾਨੂੰ YONO ਡੈਸ਼ਬੋਰਡ ਮਿਲੇਗਾ। ਕਾਰਡਲੈਸ ਕੈਸ਼ ਨਿਕਾਸੀ ਲਈ ਵੈਬਸਾਈਟ ਦੇ ਹੇਠਾਂ ਵਾਲੇ ਪਾਸੇ 'ਮਾਈ ਰਿਵਾਰਡਜ਼' ਸੈਕਸ਼ਨ ਵਿੱਚ ਸਕ੍ਰਾਲ ਕਰੋ ਤੇ ਇੱਥੇ YONO ਕੈਸ਼ ਟੈਬ 'ਤੇ ਕਲਿੱਕ ਕਰੋ।

  • ਨੈਟਬੈਂਕਿੰਗ ਯੂਜ਼ਰ ਇੱਥੋਂ ਇੱਕ ਟ੍ਰਾਂਜ਼ੈਕਸ਼ਨ ਵਿੱਚ 500 ਤੋਂ 1000 ਰੁਪਏ ਤਕ ਪੈਸੇ ਕਢਵਾ ਸਕਦਾ ਹੈ। ਵੈਬਸਾਈਟ ਜ਼ਰੀਏ ਇੱਕ ਦਿਨ ਅੰਦਰ ਐਸਬੀਆਈ ਏਟੀਐਮ ਤੋਂ ਵੱਧ ਤੋਂ ਵੱਧ 20 ਹਜ਼ਾਰ ਰੁਪਏ ਕਢਵਾਏ ਜਾ ਸਕਦੇ ਹਨ।

  • ਵੈਬਸਾਈਟ 'ਤੇ 'Request YONO Cash' 'ਤੇ ਕਲਿੱਕ ਕਰੋ। ਪੈਸੇ ਕਢਵਾਉਣ ਲਈ ਰਕਮ ਭਰੋ ਤੇ 'Next' ਦਬਾਓ। ਹੁਣ 6 ਅੰਕਾਂ ਦਾ YONO ਕੈਸ਼ ਪਿੰਨ ਦਰਜ ਕਰਕੇ ਵੈਬਸਾਈਟ ਤੋਂ ਨਕਦ ਨਿਕਾਸੀ ਦੀ ਪ੍ਰਕਿਰਿਆ ਸ਼ੁਰੂ ਕਰੋ। 30 ਮਿੰਟਾਂ ਅੰਦਰ ਪਿੰਨ ਦਾ ਇਸਤੇਮਾਲ ਕਰੋ।