aਨਵੀਂ ਦਿੱਲੀ: ਕਾਂਗਰਸ ਲੀਡਰ ਪ੍ਰਿਅੰਕਾ ਗਾਂਧੀ ਨੇ ਕਸ਼ਮੀਰ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਲੋਕਤੰਤਰੀ ਅਧਿਕਾਰ ਖ਼ਤਮ ਕੀਤੇ ਜਾ ਰਹੇ ਹਨ। ਇਹ ‘ਦੇਸ਼ ਵਿਰੋਧੀ’ ਹੋਣ ਨਾਲੋਂ ਵੱਡਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਇਸ ਦੇ ਖਿਲਾਫ ਆਵਾਜ਼ ਬੁਲੰਦ ਕਰਨ ਤੋਂ ਨਹੀਂ ਰੁਕੇਗੀ।


ਦਰਅਸਲ, ਸੂਬਾ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਸ੍ਰੀਨਗਰ ਹਵਾਈ ਅੱਡੇ ਤੋਂ ਕਾਂਗਰਸ ਲੀਡਰ ਰਾਹੁਲ ਗਾਂਧੀ ਸਮੇਤ ਵਿਰੋਧੀ ਪਾਰਟੀਆਂ ਦੇ 11 ਮੈਂਬਰੀ ਵਫ਼ਦ ਨੂੰ ਸ੍ਰੀਨਗਰ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਤੋਂ ਬਾਅਦ ਵਫ਼ਦ ਨੂੰ ਵਾਪਸ ਦਿੱਲੀ ਪਰਤਣਾ ਪਿਆ। ਸਾਰੇ ਆਗੂ ਧਾਰਾ 370 ਦੇ ਖ਼ਤਮ ਹੋਣ ਤੋਂ ਬਾਅਦ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਕਸ਼ਮੀਰ ਜਾ ਰਹੇ ਸਨ। ਪ੍ਰਿਅੰਕਾ ਗਾਂਧੀ ਨੇ ਵਿਰੋਧੀ ਨੇਤਾਵਾਂ ਨੂੰ ਰੋਕਣ ਲਈ ਮੋਦੀ 'ਤੇ ਹਮਲਾ ਕੀਤਾ ਹੈ।





ਪ੍ਰਿਯੰਕਾ ਗਾਂਧੀ ਨੇ ਟਵਿੱਟਰ 'ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਇੱਕ ਮਹਿਲਾ ਸ਼੍ਰੀਨਗਰ ਤੋਂ ਉਡਾਣ ਭਰਨ ਵਾਲੇ ਜਹਾਜ਼ ਵਿੱਚ ਰਾਹੁਲ ਗਾਂਧੀ ਨੂੰ ਪਰਿਵਾਰ ਦੀਆਂ ਮੁਸ਼ਕਲਾਂ ਦੱਸ ਰਹੀ ਹੈ। ਉਨ੍ਹਾਂ ਵੀਡੀਓ ਸ਼ੇਅਰ ਕਰਦਿਆਂ ਕਿਹਾ, 'ਇਹ ਆਖ਼ਰ ਕਿੰਨਾ ਚਿਰ ਚੱਲੇਗਾ? ਇਹ ਉਨ੍ਹਾਂ ਲੱਖਾਂ ਲੋਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਦੀ ਆਵਾਜ਼ 'ਰਾਸ਼ਟਰਵਾਦ' ਦੇ ਨਾਂ 'ਤੇ ਦਬਾਈ ਜਾ ਰਹੀ ਹੈ।'