ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਇਲਜ਼ਾਮ ਲਾਇਆ ਕਿ ਅਕਾਲੀ ਦਲ ਤੇ ਕਾਂਗਰਸ ਨੇ ਪੰਜਾਬ ਨੂੰ ਅੱਜ ਤਬਾਹੀ ਦੇ ਕੱਢੇ ਲਿਆ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦੋ 'ਬ' ਪੰਜਾਬ ਲਈ ਬਹੁਤ ਚਿੰਤਾਜਨਕ ਹਨ 'ਬ' 'ਤੋਂ ਬਾਦਲ ਤੇ 'ਬ' ਤੋਂ 'ਬੇੜਾਗਰਕ'।


ਰਾਘਵ ਚੱਢਾ ਸਥਾਨਕ ਨਗਰ ਨਿਗਮ ਦੀਆਂ ਚੋਣਾਂ ਲਈ 'ਆਪ' ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਬਠਿੰਡਾ ਪਹੁੰਚੇ ਸਨ। ਉਨ੍ਹਾਂ ਵੱਲੋਂ ਬਠਿੰਡਾ ਵਿੱਚ ਰੋਡ ਸ਼ੋਅ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਲੋਕਾਂ ਨੇ ਇਸ ਰੋਡ ਸ਼ੋਅ ਵਿੱਚ ਸ਼ਮੂਲੀਅਤ ਕੀਤੀ ਤੇ ਸਥਾਨਕ ਵੋਟਰਾਂ ਨੇ ਭਰਵਾਂ ਹੁੰਗਾਰਾ ਦਿੱਤਾ।


ਬਾਦਲਾਂ ਉੱਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਬਰਾਬਰ ਦਾ ਹੀ ਦੋਸ਼ੀ ਹੈ, ਜੋ ਸਰਕਾਰੀ ਸਿਸਟਮ ਨੂੰ ਤਬਾਹ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਵਿੱਚ ਸਥਾਪਤ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਹਮੇਸ਼ਾਂ ਹੀ ਪੰਜਾਬ ਦੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਪੰਜਾਬ ਦੀ ਸੰਪੱਤੀ ਲੁੱਟ ਕੇ ਆਪਣੇ ਖਜ਼ਾਨੇ ਭਰੇ ਹਨ।


ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਤੱਕ ਬੀਬੀ ਹਰਸਿਮਰਤ ਬਾਦਲ ਕੇਂਦਰ ਦੀ ਮੋਦੀ ਸਰਕਾਰ ਵਿਚ ਮੰਤਰੀ ਸਨ ਅਤੇ ਮਨਪ੍ਰੀਤ ਬਾਦਲ ਪੰਜਾਬ ਦੇ ਖਜ਼ਾਨਾ ਮੰਤਰੀ ਹਨ, ਪਰ ਸੱਤਾ ਵਿੱਚ ਰਹਿੰਦੇ ਹੋਏ ਬਾਦਲਾਂ ਨੇ ਬਠਿੰਡਾ ਲਈ ਕੋਈ ਨਵਾਂ ਪ੍ਰੋਜੈਕਟ ਨਹੀਂ ਲਿਆਂਦਾ।


ਬਾਦਲਾਂ ਵੱਲੋਂ ਸਰਕਾਰੀ ਸੈਕਟਰ ਦੇ ਅਦਾਰਿਆਂ ਨੂੰ ਤਬਾਹ ਕਰਨ ਦੀ ਨਿੰਦਿਆਂ ਕਰਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ 2017 ਵਿੱਚ ਵਿਧਾਨ ਦੀਆਂ ਚੋਣਾਂ ਤੋਂ ਪਹਿਲਾਂ ਬਠਿੰਡੇ ਦੇ ਥਰਮਲ ਪਲਾਂਟ ਨੂੰ ਚੰਗੀ ਤਰ੍ਹਾਂ ਚਲਾਉਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਵੀ ਵਾਅਦਾ ਕੀਤਾ ਸੀ ਕਿ ਕਾਂਗਰਸ ਦੀ ਸਰਕਾਰ ਆਉਣ ਉੱਤੇ ਪੰਜਾਬ ਨੂੰ ਕਰਜਾ ਮੁਕਤ ਕੀਤਾ ਜਾਵੇਗਾ, ਪਰ ਉਨ੍ਹਾਂ ਦੇ ਖਜ਼ਾਨਾ ਮੰਤਰੀ ਬਣਨ ਤੋਂ ਬਾਅਦ ਪੰਜਾਬ ਸਿਰ ਕਰਜਾ ਹੋਰ ਵਧਿਆ ਹੈ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਂਦਿਆਂ ਹੀ ਉਹ ਸਾਰੇ ਵਾਅਦੇ ਭੁੱਲ ਗਏ।


ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ ਭ੍ਰਿਸ਼ਟਾਚਾਰ ਪੂਰੀ ਚਰਮ ਸੀਮਾ ਉੱਤੇ ਪਹੁੰਚ ਚੁੱਕਿਆ ਹੈ ਲੋਕਾਂ ਦੇ ਕਹਿਣ ਮੁਤਾਬਕ ਉਨ੍ਹਾਂ ਨੂੰ ਆਪਣੇ ਕੰਮ ਕਰਾਉਣ ਦੇ ਲਈ 'ਜੋਜੋ' ਟੈਕਸ ਦੇਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਮੁਤਾਬਕ ਉਥੋਂ ਦੇ ਐਮਪੀ ਤੇ ਐਮਐਲਏ ਦੋਵੇਂ ਹੀ ਆਪਣੇ ਵਿਅਕਤੀਆਂ ਰਾਹੀਂ ਬਠਿੰਡਾ ਦੀ ਰੈਫਾਇਨਰੀ ਜਾਣ ਵਾਲੀ ਟਰਾਂਸਪੋਰਟ ਤੋਂ ਜੈਐਸਟੀ (ਜੋਜੋ ਸਰਵਿਸ ਟੈਕਸ) ਦੇ ਨਾ ਉਤੇ ਗੁੰਢਾ ਟੈਕਸ ਇਕੱਠਾ ਕਰਦੇ ਹਨ।


 



ਹਰਸਿਮਰਤ ਬਾਦਲ ਉੱਤੇ ਵਰ੍ਹਦਿਆਂ ਰਾਘਵ ਚੱਢਾ ਨੇ ਕਿਹਾ ਕਿ ਬੀਬੀ ਬਾਦਲ ਨੇ ਕੇਂਦਰ ਵਿੱਚ ਕੈਬਨਿਟ ਮੰਤਰੀ ਰਹਿੰਦੇ ਹੋਏ ਕਿਸਾਨਾਂ ਨੂੰ ਤਬਾਹ ਕਰਨ ਵਾਲੇ ਕਾਲੇ ਕਾਨੂੰਨਾਂ ਦਾ ਪੂਰਾ ਸਮਰਥਨ ਦਿੱਤਾ। ਮੰਤਰੀ ਮੰਡਲ ਵਿਚ ਰਹਿੰਦੇ ਹੋਏ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਤਾਂ ਕੀ ਕਰਨਾ ਸੀ, ਸਗੋਂ 2 ਮਹੀਨੇ ਇਨ੍ਹਾਂ ਕਾਨੂੰਨਾਂ ਦਾ ਗੁਣਗਾਨ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕਰਦਿਆਂ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਦੇ ਲਈ ਲਾਹੇਵੰਦ ਹਨ।


ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਲੋਕ ਇਨ੍ਹਾਂ ਦੀਆਂ ਘਟੀਆਂ ਨੀਤੀਆਂ ਨੂੰ ਸਮਝ ਗਏ ਤਾਂ ਹੁਣ ਝੂਠੀ ਡਰਾਮੇਬਾਜ਼ੀ ਕਰਦੇ ਹੋਏ ਕਿਸਾਨਾਂ ਦੇ ਹਿਤੈਸ਼ੀ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਲੋਕਾਂ ਨੂੰ ਜਵਾਬ ਦੇਣ ਕਿ ਉਹ ਦੋ ਮਹੀਨੇ ਕਾਨੂੰਨਾਂ ਦਾ ਪ੍ਰਚਾਰ ਕਿਉਂ ਕਰਦੇ ਰਹੇ? ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਦੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।