ਫਤਹਿਗੜ੍ਹ ਸਾਹਿਬ: ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਵਿੱਚ ਡਟੇ ਫਤਹਿਗੜ੍ਹ ਸਾਹਿਬ ਦੇ ਬਲਾਕ ਖਮਾਣੋ ਦੇ ਪਿੰਡ ਸ਼ਮਸ਼ਪੁਰ ਦੇ 70 ਸਾਲਾ ਕਿਸਾਨ ਗੁਰਮੁਖ ਸਿੰਘ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਗੁਰਮੁਖ ਸਿੰਘ ਧਰਮੀ ਫੌਜੀ ਹੈ। ਉਹ ਸਾਲ 1984 'ਚ ਆਪ੍ਰੇਸ਼ਨ ਬਲੂ ਸਟਾਰ ਸਮੇਂ ਭਾਰਤੀ ਫੌਜ 'ਚ ਸੂਬੇਦਾਰ ਸੀ। ਆਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਫੌਜ 'ਚ ਬਗਾਵਤ ਕਰਨ ਵਾਲਿਆਂ 'ਚ ਸ਼ਾਮਲ ਗੁਰਮੁਖ ਸਿੰਘ ਨੌਕਰੀ ਛੱਡ ਆਇਆ ਸੀ।
ਇਸ ਤੋਂ ਬਾਅਦ ਉਸ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 'ਚ ਸ਼ਿਰਕਤ ਕਰ ਲਈ ਸੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੇ ਲੰਬੀ ਕਾਨੂੰਨੀ ਕਾਰਵਾਈ ਤੋਂ ਬਾਅਦ ਗੁਰਮੁਖ ਸਿੰਘ ਨੂੰ ਫੌਜ ਤੋਂ ਪੈਨਸ਼ਨ ਦਿਵਾਈ। ਮਾਨ ਦੇ ਕਰੀਬੀ ਮੰਨੇ ਜਾਂਦੇ ਗੁਰਮੁਖ ਸਿੰਘ ਕਈ ਵਾਰ ਜੇਲ੍ਹ ਵੀ ਜਾ ਚੁੱਕਾ ਹੈ।
ਉਹ ਮਾਨ ਦਲ ਦੇ ਕਿਸਾਨ ਵਿੰਗ ਦੀ ਫਤਹਿਗੜ੍ਹ ਸਾਹਿਬ ਇਕਾਈ ਦਾ ਜ਼ਿਲ੍ਹਾ ਪ੍ਰਧਾਨ ਵੀ ਹੈ। 26 ਜਨਵਰੀ ਦੀ ਟ੍ਰੈਕਟਰ ਪਰੇਡ ਨੂੰ ਲੈ ਕੇ ਖੇਤਰ 'ਚ ਚੱਲ ਰਹੀਆਂ ਤਿਆਰੀਆਂ ਵਿੱਚ ਗੁਰਮੁਖ ਸਿੰਘ ਨੇ ਆਪਣੀ ਵੱਡੀ ਭੈਣ ਸੰਪੂਰਨ ਕੌਰ ਨੂੰ ਘਰ ਬੁਲਾ ਲਿਆ ਸੀ। ਇਸ ਤੋਂ ਬਾਅਦ 23 ਜਨਵਰੀ ਨੂੰ ਉਹ ਦਿੱਲੀ ਲਈ ਰਵਾਨਾ ਹੋ ਗਿਆ ਸੀ।
26 ਜਨਵਰੀ ਨੂੰ ਬੁਰਾੜੀ ਗ੍ਰਾਊਂਡ ਤੋਂ ਦਿੱਲੀ ਦੇ ਮੁਖਰਜੀ ਨਗਰ ਥਾਣੇ ਦੀ ਪੁਲਿਸ ਨੇ ਗੁਰਮੁਖ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਹ ਹੁਣ ਤਿਹਾੜ ਜੇਲ੍ਹ 'ਚ ਬੰਦ ਹੈ। ਗੁਰਮੁਖ ਸਿੰਘ ਦੀ ਭੈਣ ਸੰਪੂਰਨ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵਰਕਰ ਦਾ ਫੋਨ ਆਇਆ ਸੀ। ਜਿਨ੍ਹਾਂ ਨੇ ਦੱਸਿਆ ਕਿ ਗੁਰਮੁਖ ਸਿੰਘ ਦਿੱਲੀ ਜੇਲ੍ਹ 'ਚ ਹੈ। ਗੁਰਮੁਖ ਸਿੰਘ ਖਿਲਾਫ ਦਰਜ ਮਾਮਲੇ ਦੀ ਪੈਰਵੀ ਵੀ ਪਾਰਟੀ ਹੀ ਕਰ ਰਹੀ ਹੈ। ਗੁਰਮੁਖ ਸਿੰਘ ਦੇ ਦੋ ਬੇਟੇ ਹਨ। ਇੱਕ ਇਟਲੀ 'ਚ ਰਹਿੰਦਾ ਹੈ ਤੇ ਦੂਜਾ ਖਮਾਣੋ 'ਚ ਰਹਿੰਦਾ ਹੈ।