ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ 1984 ਦੇ ਸਿੱਖ ਕਤਲੇਆਮ ਲਈ ਕਾਂਗਰਸ ਦੇ ਨਾਲ ਨਾਲ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। 'ਆਪ' ਵਿਧਾਇਕਾਂ ਵੱਲੋਂ ਜਾਰੀ ਬਿਆਨ ਵਿੱਚ ਭਾਜਪਾ 'ਤੇ ਚੁਰਾਸੀ ਪੀੜਤਾਂ ਨੂੰ ਇਨਸਾਫ ਨਾ ਦਿਵਾਉਣ ਲਈ ਸਵਾਲ ਚੁੱਕੇ ਗਏ ਹਨ।


'ਆਪ' ਦੇ ਵਿਧਾਇਕਾਂ ਕੁਲਤਾਰ ਸਿੰਘ ਸੰਧਵਾਂ, ਜੈ ਕਿਸ਼ਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ ਅਤੇ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਪੂਰੀ ਦੁਨੀਆ ਜਾਣਦੀ ਹੈ ਕਿ 1984 ਦੀ ਸਿੱਖ ਨਸਲਕੁਸ਼ੀ ਲਈ ਕਾਂਗਰਸ ਨਾ ਸਿਰਫ਼ ਜ਼ਿੰਮੇਵਾਰ ਸੀ, ਬਲਕਿ ਇਸ ਨਸਲਕੁਸ਼ੀ ਨੂੰ ਯੋਜਨਾਬੱਧ ਢੰਗ ਨਾਲ ਕਰਨ ਲਈ ਸਾਜ਼ਿਸ਼ ਕਰਤਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਤੋਂ ਤਾਂ ਇਨਸਾਫ਼ ਦੀ ਉਮੀਦ ਹੀ ਨਹੀਂ ਕੀਤੀ ਜਾ ਸਕਦੀ, ਪਰ ਅਕਾਲੀ ਦਲ (ਬਾਦਲ) ਦੇ ਗੱਠਜੋੜ ਨਾਲ ਭਾਜਪਾ ਨੇ 1984 ਤੋਂ ਬਾਅਦ 11 ਸਾਲ ਤੋਂ ਵੱਧ ਸਮਾਂ ਕੇਂਦਰ ਦੀ ਸੱਤਾ ਭੋਗੀ ਪਰੰਤੂ 1984 ਦੀ ਸਿੱਖ ਨਸਲਕੁਸ਼ੀ ਦਾ ਇਨਸਾਫ਼ ਨਹੀਂ ਦਿੱਤਾ, ਸਗੋਂ ਇਨਸਾਫ਼ ਦੀ ਲੜਾਈ 'ਚ ਸਮੇਂ ਸਮੇਂ 'ਤੇ ਵਿਘਨ ਪਾਇਆ।

ਵਿਧਾਇਕਾਂ ਨੇ ਕਿਹਾ ਕਿ ਭਾਜਪਾ ਸੱਜਣ ਕੁਮਾਰ ਨੂੰ ਸਜ਼ਾ ਕਰਵਾਉਣ ਦਾ ਸਿਹਰਾ ਧੱਕੇ ਨਾਲ ਆਪਣੇ ਸਿਰ ਬੰਨ੍ਹ ਰਹੀ ਹੈ। ਪਰ ਭਾਜਪਾ ਲੋਕਾਂ ਨੂੰ ਗੁਮਰਾਹ ਨਹੀਂ ਕਰ ਸਕਦੀ, ਕਿਉਂਕਿ ਹਰ ਕੋਈ ਜਾਣਦਾ ਹੈ ਕਿ ਸੱਜਣ ਕੁਮਾਰ ਨੂੰ ਅੰਦਰ ਭੇਜਣ ਲਈ ਜਗਦੀਸ਼ ਕੌਰ ਦੀ ਦਲੇਰੀ ਅਤੇ ਐਡਵੋਕੇਟ ਐਚ.ਐਸ. ਫੂਲਕਾ ਦੀ ਦਹਾਕਿਆਂ ਬੱਧੀ ਕਾਨੂੰਨੀ ਲੜਾਈ ਅਤੇ ਦ੍ਰਿੜ੍ਹਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਨੇ 1984 ਕਤਲੋਗਾਰਤ ਦੇ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਕੋਈ ਵੱਡਾ ਕਦਮ ਨਹੀਂ ਚੁੱਕਿਆ। ਵਿਧਾਇਕਾਂ ਨੇ ਕਾਂਗਰਸ ਦੇ ਸੀਨੀਅਰ ਆਗੂ ਸੈਮ ਪਿਤ੍ਰੋਦਾ ਦੀ ਚੁਰਾਸੀ ਸਿੱਖ ਕਤਲੇਆਮ ਬਾਰੇ ਦਿੱਤੇ ਵਿਵਾਦਿਤ ਬਿਆਨ 'ਤੇ ਸਖ਼ਤ ਨਿੰਦਾ ਵੀ ਕੀਤੀ। ਸੈਮ ਨੇ ਆਪਣੇ ਇਸ ਬਿਆਨ 'ਤੇ ਮੁਆਫੀ ਮੰਗ ਲਈ ਹੈ।