ਨਵੀਂ ਦਿੱਲੀ: ਸਤਲੁਜ ਦਰਿਆ ਤੇ ਇਸ ਦੇ ਨੇੜੇ-ਤੇੜੇ ਦੇ ਨਾਲਿਆਂ ਵਿੱਚ ਕਾਰਖ਼ਾਨਿਆਂ ਦੀ ਗੰਦਗੀ ਵਹਾਏ ਜਾਣ ਦੇ ਮੁੱਦੇ 'ਤੇ ਕੌਮੀ ਗਰੀਨ ਟ੍ਰਿਬੀਊਨਲ ਕੋਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕੈਪਟਨ ਸਰਕਾਰ ਦੀ ਸ਼ਿਕਾਇਤ ਕੀਤੀ ਹੈ। 'ਆਪ' ਵਿਧਾਇਕਾਂ ਨੇ ਐਨਜੀਟੀ ਕੋਲ ਪਟੀਸ਼ਨ ਦਾਇਰ ਕਰਦਿਆਂ ਇਸ ਪ੍ਰਦੂਸ਼ਣ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਦੀ ਮੰਗ ਕੀਤੀ ਹੈ।

'ਆਪ' ਵਿਧਾਇਕ ਅਮਰਜੀਤ ਸੰਧਵਾਂ, ਕੁਲਤਾਰ ਸਿੰਘ ਤੇ ਜੈ ਕਿਸ਼ਨ ਰੋਡੀ ਨੇ ਐਨਜੀਟੀ ਨੂੰ ਅਰਜ਼ੀ ਦੇਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਸਬੰਧੀ ਕਾਨੂੰਨੀ ਲੜਾਈ ਵਿੱਢ ਚੁੱਕੇ ਹਨ। ਇਸ ਸਬੰਧੀ ਪੰਜਾਬ ਵਿੱਚ ਧਰਨਾ ਪ੍ਰਦਰਸ਼ਨ ਕੀਤੇ ਜਾਣਗੇ ਤੇ ਵਿਧਾਨ ਸਭਾ ਵਿੱਚ ਵੀ ਮੁੱਦੇ ਨੂੰ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਐਨਜੀਟੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਜਲਦ ਕਾਰਵਾਈ ਕਰਨ ਲਈ ਨਿਰਦੇਸ਼ ਦੇਣ।


ਉਨ੍ਹਾਂ ਕਿਹਾ ਕਿ ਸਭ ਤੋਂ ਬੁਰਾ ਹਾਲ ਸਤਲੁਜ ਦਰਿਆ ਦਾ ਹੈ, ਜਿਸ ਵਿੱਚ ਫੈਕਟਰੀਆਂ ਵੱਲੋਂ ਕੈਮੀਕਲ ਸੁੱਟਿਆ ਜਾ ਰਿਹਾ ਹੈ। 'ਆਪ' ਲੀਡਰਾਂ ਨੇ ਦੋਸ਼ ਲਾਇਆ ਕਿ ਗੰਦੇ ਪਾਣੀ ਕਾਰਨ ਕਈ ਬਿਮਾਰੀਆਂ ਫੈਲ ਰਹੀਆਂ ਹਨ ਤੇ ਨਾਲ ਹੀ ਦਰਿਆਵਾਂ ਦੇ ਜਲ ਜੀਵ ਵੀ ਖ਼ਤਮ ਹੋਣ ਕੰਢੇ ਹਨ।