ਨਵੀਂ ਦਿੱਲੀ: ਭਾਰਤੀ ਸੁਰੱਖਿਆ ਏਜੰਸੀਆਂ ਦਾ ਮੰਦਾ ਹਾਲ ਹੈ। ਇਸ ਗੱਲ਼ ਦਾ ਅੰਦਾਜਾ ਇਸ ਗੱਲ਼ ਤੋਂ ਲੱਗ ਸਕਦਾ ਹੈ ਕਿ ਕੇਂਦਰੀ ਅਰਧ ਸੈਨਿਕ ਬਲਾਂ ‘ਚ ਕਰੀਬ 84,037 ਪੋਸਟਾਂ ਖਾਲੀ ਹਨ। ਇਸ ‘ਚ ਸਭ ਤੋਂ ਜ਼ਿਆਦਾ 22,980 ਪੋਸਟ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ‘ਚ ਹਨ। ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਰਾਜ ਸਭਾ ‘ਚ ਇੱਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ।
ਗ੍ਰਹਿ ਮੰਤਰੀ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲਾਂ ‘ਚ 21,465 ਪੋਸਟਾਂ ਖਾਲੀ ਹਨ ਜਦਕਿ ਸਸ਼ਸਤਰ ਸੀਮਾ ਬਲ ‘ਚ 18,102 ਪੋਸਟਾਂ ਖਾਲੀ ਹਨ। ਕੇਂਦਰੀ ਉਦਯੋਗਿਕ ਸੁਰੱਖਿਆ ਬਲ ‘ਚ ਇਹ ਗਿਣਤੀ 10,415 ਹੈ ਜਦਕਿ ਭਾਰਤ-ਤਿੱਬਤ ਸੀਮਾ ਪੁਲਿਸ ‘ਚ 6,643 ਤੇ ਅਸਮ ਰਾਈਫਲਜ਼ ‘ਚ 4,432 ਪੋਸਟਾਂ ਖਾਲੀ ਹਨ।
ਰਿਜਿਜੂ ਨੇ ਕਿਹਾ ਕਿ ਖਾਲੀ ਪੋਸਟਾਂ ਨੂੰ ਭਰਨ ਦੀ ਪ੍ਰਕਿਰਿਆ ਜਾਰੀ ਹੈ। ਭਰਤੀ ਸਾਲ 2018 ਲਈ ਕਰਮਚਾਰੀ ਚੋਣ ਵਿਭਾਗ ਨੂੰ ਕਾਂਸਟੇਬਲ ਅਹੁਦੇ ਲਈ 54,953 ਤੇ ਸਬ-ਕਾਂਸਟੇਬਲ ਅਹੁਦੇ ਲਈ 1073 ਅਰਜ਼ੀਆਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸਹਾਇਕ ਕਮਾਂਡੈਂਟ ਅਹੁਦੇ ਸਬੰਧੀ 466 ਖਾਲੀ ਪੋਸਟਾਂ ਦੀ ਸੂਚਨਾ ਸੰਘ ਲੋਕ ਸੇਵਾ ਵਿਭਾਗ ਨੂੰ ਦਿੱਤੀ ਗਈ ਹੈ।